Monday, January 18, 2021

PUNJABI POEMS ON KISAN AGITATION BY SHRI CHANDER PARKASH, ADVOCATE (Ex-State Information Commissioner)


ਕਿਸਾਨ……

 

ਚੰਦਰ ਪ੍ਰਕਾਸ਼

 

 

ਮੁੱਖ ਝੁਰੜੀਆਂ ਪਾਟੀਆਂ ਵਿਆਈਆਂ

ਕਰਨ ਦੁੱਖਾਂ ਦੀ ਤਕਰੀਰ

ਪੰਡ ਕਰਜ਼ਿਆਂ ਸਿਰ ’ਤੇ

ਕੀਤਾ ਜ਼ੋਬਨ ’ਚ ਬੁੱਢਾ ਸਰੀਰ

ਕਰਨ ਦੁੱਖਾਂ ਦੀ ਤਕਰੀਰ…..

 

ਰਿਸਦਾ ਰੱਤ ਵਿਆਈਆਂ ’ਚੋਂ

ਕਰੇ ਨਵੇਂ ਸੁਫ਼ਨਿਆਂ ਦੀ ਤਾਮੀਰ

ਕੀਤਾ ਮੁਲਕ ਅਮੀਰ

ਵਿਚ ਸਬਾਤ ਦੁੱਖਾਂ ਦੀ ਭੰਡੀਰ

ਕਰਨ ਦੁੱਖਾਂ ਦੀ ਤਕਰੀਰ…..

 

ਹੱਲ, ਪੰਜਾਲੀ, ਤੰਗਲੀ

ਤਿੰਨੋ ਤੇਰੇ ਗਹਿਣੇ

ਡੰਗ "ਸੱਪ" ਦੇ ਪੈਣੇ ਸਹਿਣੇ

ਮਾਰ ਮੁਕਾਉਣ ਤੈਨੂੰ

ਕਰਿੰਦਾ ਹੋਇਆ ਫ਼ਕੀਰ

ਕਰਨ ਦੁੱਖਾਂ ਦੀ ਤਕਰੀਰ…..

 

ਅੰਨਦਾਤਾ ਤੂੰ

ਆਖਣ ਤੈਨੂੰ ਦੇਸ਼ ਧੋ੍ਰਹੀ

ਉਪਜਿਆ ਸੋਨਾ ਤੂੰ

ਵਾਹ ਵਾਹਨ ਰੋਹੀ

ਉਸਾਰੇ ਤੂੰ ਮਹਿਲ ਚੁਬਾਰੇ

ਨਾ ਜੁੜਿਆ ਤੈਨੂੰ ਛਤੀਰ

ਕਰਨ ਦੁੱਖਾਂ ਦੀ ਤਕਰੀਰ…..

 

ਤਿਰੰਗਾ ਆਪਣੀ ਆਨ ਰੱਖੀਂ ਤੂੰ

ਸਦਾ ਇਸਦੀ ਸ਼ਾਨ ਰੱਖੀਂ ਤੂੰ

ਝੱਲੇ ਤਸੀਹੇ ਅਮੀਰ ਦੇ

ਬਰਕਰਾਰ ਹਿੰਦੁਸਤਾਨੀ ਪਹਿਚਾਣ ਰੱਖੀਂ ਤੂੰ

ਰੁੱਕ ਨਾ ਤੁਰਿਆ ਚੱਲ

ਤੇਰੀ ਰਾਹਗੀਰ ਹੈ ਕਰੀਰ

ਕਰਨ ਦੁੱਖਾਂ ਦੀ ਤਕਰੀਰ…..

 

ਅੰਤ ਉਹੀ ਹੋਇਆ

ਹੱਕ ਹਕੂਕ ਤੈਥੋਂ ਖੋਹਿਆ

ਬੇਵਕਤ ਤੂੰ ਮੋਇਆ

ਚਿਤਾ ਉਤੇ ਰੱਖਤੀ ਦੇਹ

ਭੁੱਬਾਂ ਮਾਰ ਰੱਬ ਰੋਇਆ

ਵਿੱਚ ਹੰਝੂਆਂ ਸਮੁੰਦਰ ਸਮੋਇਆ

ਰਾਜੇ ਕੀਤੀ ਕਿਰਤੀਕੁਸ਼ੀ ਤਦਬੀਰ

ਕਰਨ ਦੁੱਖਾਂ ਦੀ ਤਕਰੀਰ…..


ਕੀਤੇ ਰਾਜੇ ਝੂਠੇ ਦਾਅਵੇ

ਝੱਲੇ ਅੱਜ ਤੱਕ ਛਲ ਛਲਾਵੇ

ਰੋਸ ਕਰੇ,  

"ਤਕੜਾ" ਡਾਂਗਾ ਵਰਾਵੇ

ਘਰ ਘਰ "ਖਾਕੀ" ਫ਼ੇਰਾ ਪਾਵੇ

ਚੁੱਕੀ ਧੌਣ ਕਿਉਂ

ਹੈ ਤੇਰਾ ਤਕਸੀਰ

ਕਰਨ ਦੁੱਖਾਂ ਦੀ ਤਕਰੀਰ…..

 

ਨਵੇਂ ਭਾਰਤ ’ਚ ਵਾਹ 'ਠੱਗ' ਨਾਲ ਪੈ ਗਿਆ

"ਐਸ਼" ਕਰ, ਕਾਨੂੰਨ ਜੁਰਮ ਨੂੰ ਕਹਿ ਗਿਆ

ਕਾਲ ਕੋਠੜੀ ’ਚ ਸੂਰਜ ਸੋ ਗਿਆ

ਚੜੀ ਸਵੇਰ, ਘੁੱਪ ਹਨੇਰਾ ਹੋ ਗਿਆ

ਅਵੇਸਲਾ ਨਾ ਹੋ, ਰੱਖੀਂ ਬਿੜਕ

ਚੋਰ ਕੁੱਤੀ ’ਚ  ਹੋਇਆ ਸੀਰ

ਕਰਨ ਦੁੱਖਾਂ ਦੀ ਤਕਰੀਰ…..


ਕੋਈ ਨਹੀਂ ਤੋੜ ਅੱਜ ਤੇਰੇ ਜ਼ੋਰ ਦਾ

'ਮੂਕ' ਹੋਇਆ ਮੁਕੱਦਰ  ਚੀਖਾਂ ਦੇ ਸ਼ੋਰ ਦਾ

ਭਾਵੇਂ ਹਾਲੇ ਅਦਿੱਖ ਹੈ

ਚੰਗਾ ਦੇਸ਼ ਦਾ ਭਵਿੱਖ ਹੈ

ਹਾਰਨੀਆਂ "ਮਨਮਾਨੀਆਂ"

ਹੋਣੀ ਹਿੰਮਤ ਤਸਖ਼ੀਰ

ਕਰਨ ਦੁੱਖਾਂ ਦੀ ਤਕਰੀਰ…..

 

ਛੱਡ ਪਾਪ ਰਾਜਿਆ

ਅੱਖਾਂ ਖੋਲ ਤੂੰ

ਪਲਟ ਵਰਕੇ

ਇਤਿਹਾਸ ਫਰੋਲ ਤੂੰ

ਲਹੂ ਸਾਡੇ ਦੀ ਦੇਸ਼ ਦੇ ਮੁੱਖ ’ਤੇ ਲਾਲੀ

ਕਰ ਰਹੀਆਂ ਸਰਹੱਦਾਂ

ਸਾਡੀਆਂ ਸ਼ਹਾਦਤਾਂ ਦੀ ਤਫ਼ਸੀਰ

ਕਰਨ ਦੁੱਖਾਂ ਦੀ ਤਕਰੀਰ…..

ਅਰਥ

ਤਸਖ਼ੀਰ- ਜਿੱਤ

ਤਦਬੀਰ- ਯੋਜਨਾ

ਤਕਰੀਰ- ਭਾਸ਼ਣ

ਤਫ਼ਸੀਰ- ਬਿਆਨ

ਤਕਸੀਰ- ਗੱਲਤੀ

 

ਚੰਦਰ ਪ੍ਰਕਾਸ਼

ਬਠਿੰਡਾ

98154-37555, 98762-15150



ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ

ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ



--------------------------------------------------------------------------------------------------------------------------

[25/01/2021] Chander Parkash Advocate: ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ……

ਚੰਦਰ ਪ੍ਰਕਾਸ਼


 

ਵਿਹੜੇ ਦਿੱਲੀ ਦੇ ਅੱਜ ਵੱਖਰਾ ਹੀ ਜਾਹੋ ਜਲਾਲ ਹੈ

ਕਾਮਾ ਚੱਲਿਆ ਨਾਇਕ ਦੀ ਚਾਲ ਹੈ

ਸ਼ਾਂਤ ਹੈ ਮਨ, ਪਰ ਅੱਖ ਲਾਲ ਹੈ

ਮਿਹਰ ਗੁਰਾਂ ਦੀ, ਨਹੀਂ ਥੱਕਣਾ

ਤੁਰਨਾ ਭਾਵੇਂ ਕਈ ਸਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।


ਰੱਬ ਨੇ ਹੱਡ ਭੰਨਵੀਂ ਮਿਹਨਤ ਪੱਲੇ ਪਾਈ

ਜ਼ਿੰਦਗੀ ਮੁਲਕ ਦੇ ਲੇਖੇ ਲਾਈ

ਦਿੱਲੀ ਦੀ ਇੱਜ਼ਤ ਵਧਾਈ

ਕਿੱਤਾ ਹਿੰਦੁਸਤਾਨ ਨੂੰ ਮਾਲਾਮਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।


ਇੰਝ ਹੀ ਹੈ ਸਾਡਾ ਆਉਣਾ

ਯੋਧਿਆਂ ਆਣ ਕਾਤਲ ਸਾਹਮਣੇ ਖਿਲਾਉਣਾ

ਪਿੱਠ ਨਹੀਂ ਕੀਤੀ ਬਣ ਗਈ ਤੂੰ ਕਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।


ਅਸੀਂ ਚਾਅ ਨਾਲ ਨਹੀਂ ਆਏ

ਲੈ ਕੇ ਤੱਤੀ ਵਾਅ ਨਾਲ ਨਹੀਂ ਆਏ

ਸ਼ਹਾਦਤਾਂ ਦਾ ਇਤਿਹਾਸ ਸਾਡਾ

ਦੇਣੀ ਤੈਨੂੰ ਵੀ ਮਿਸਾਲ ਹੈ।

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।


ਮਖ਼ਮਲੀ ਸੇਜ਼ ’ਤੇ ਨਹੀਂ ਸੌਣਾ

ਗ਼ਲ ਤੇਰੇ ਹਾਰ ਨਹੀਂ ਪਾਉਣਾ

ਦਿਲ ’ਚ  ਨਵੀਂ ਉਮੰਗ, ਧੜਕਨਾ ’ਚ ਭੁਚਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।


ਸਾਹਮਣੇ ਸਾਡੇ ਕੋਈ ਨਾ ਖੰਗੇ

ਪਾਵੇ ਨੀਂਵੀਂ ਮੌਤ, ਸਾਥੋਂ ਸੰਗੇ

ਹੱਥ ਲਾਜੂ ਕੋਈ ਕਿਵੇਂ ਸਾਨੂੰ

ਕਿਸ ਦੀ ਮਜਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।


ਛਾਤੀਆਂ ਸਾਡੀਆਂ, ਦੁਸ਼ਮਣਾਂ ਦੇ ਗੋਲੇ

ਝੱਲੇ ਅਸੀਂ ਖ਼ੂਨੀ ਵਾਵਰੋਲੇ

ਸਕੂਨ ‘ਚ ਹੈ ਭਾਰਤ

ਖੜੇ ਸਰਹੱਦਾਂ ’ਤੇ ਬਣੇ ਢਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।

 

ਬਾਰੂਦ ’ਤੇ ਅੱਗ ਨਾ ਬਾਲ ਤੂੰ

ਆਪਣਾ ਮਾਣ ਸੰਭਾਲ ਤੂੰ

ਆ ਗਏ ਨੇ ਪੱਤ ਦੇ ਰਾਖੇ

ਦੁਨੀਆਂ ’ਤੇ ਲੱਜ ਪਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।




ਕਿਰਤੀ ਗੀਤ ਕੌਮੀ ਗਾਉਂਦੇ ਨੇ

ਡੌਲੇ ਆਪਣੇ ਫੜਕਾਉਂਦੇ ਨੇ

ਦੁਸ਼ਮਣਾਂ ਨੂੰ ਕੰਬਣੀ ਲਾਉਂਦੇ ਨੇ

ਤਾਈਓਂ ਸੂਰਮੇ ਕਹਾਉਂਦੇ ਨੇ

ਲੜੇ  ਹੱਕ ਦੀ ਲੜਾਈ

ਨਾ ਰਹਿਣ ਦੇਣਾ ਕੋਈ ਦਲਾਲ ਹੈ।

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।


ਆ ਸਾਹਮਣੇ ਤੂੰ, ਖੁਲ ਕੇ ਸਾਹਮਣੇ ਆ

ਦੱਸ ਕਿਉਂ  ਸਾਡੇ ਹੱਕਾਂ ’ਤੇ ਡਾਕਾ ਲਿਆ ਪਾ

ਆਉਣਾ ਹੀ ਪਊ ਤੈਨੂੰ

ਤੇਰੀ ਨੀਤ ’ਤੇ ਸਵਾਲ ਹੈ

ਹੁਣ ਯੋਧਿਆਂ ਲਈ ਪਗੜੀ ਸੰਭਾਲ ਹੈ।




 

ਚੰਦਰ ਪ੍ਰਕਾਸ਼


98154-37555, 98762-15150


ਇਹ ਕਵਿਤਾ ਉਨਾਂ ਯੋਧਿਆਂ, ਜਿਹੜੇ ਜਨਵਰੀ 26, 2021 ਨੂੰ ਹੱਥ ’ਚ ਤਿਰੰਗਾ ਲੈ ਕੇ ਦਿੱਲੀ ਦੀਆਂ ਸੜਕਾਂ ’ਤੇ ਆਪਣੀ ਦੇਸ਼ ਭਗਤੀ ਦਾ ਸਬੂਤ ਦੇਣਗੇ ਅਤੇ ਦੇਸ਼ ਦੇ ਗ਼ਦਾਰਾਂ ਨੂੰ ਜੋ ਉਨਾਂ ਦੇ ਹੱਕਾਂ ’ਤੇ ਡਾਕਾ ਮਾਰਨ ਦੀ ਕੋਸ਼ਿਸ ਕਰ ਰਹੇ ਹਨ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਸਬਕ ਸਿਖਾਉਣਗੇ, ਦੀ ਵਿਥਿਆ ਦਾ ਵਰਨਣ ਹੈ।

ਆਪ ਸਭ ਜੀ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਪਣੇ ਸੱਚੇ ਮਨ ਨਾਲ ਅਰਦਾਸ ਕਰੋ ਕਿ ਧਰਤੀ ਪੁੱਤ ਦੀ ਜਿੱਤ ਹੋਵੇ ਅਤੇ ਨੇਕੀ ਦੀ ਬਦੀ ’ਤੇ ਜਿੱਤ ਹੋਵੇ। ਭਾਰਤ ਦੇਸ਼ ਹਮੇਸ਼ਾ ਚੜਦੀਕਲਾ ਵਿਚ ਰਹੇ। ਫ਼ਿਰੰਗੀ ਸੋਚ ਰੱਖਣ ਵਾਲੇ ਇਸ ਦੀ ਭਾਈਚਾਰਕ ਸਾਂਝ, ਅਖੰਡਤਾ, ਸਮਾਜਿਕ ਅਤੇ ਆਰਥਿਕ ਤਾਣੇ  ਬਾਣੇ ਨਾਲ ਖਿਲਵਾੜ ਨਾ ਕਰ ਸਕਣ।


ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਚੰਦਰ ਪ੍ਰਕਾਸ਼

[23:11, 25/01/2021] M P JAIN: 










--------------------------------------------------------------------------------------------------------------22.01.21

 ਬੱਸ ਤੈਥੋਂ ਹੀ ਆਸ ਹੈ…….

ਚੰਦਰ ਪ੍ਰਕਾਸ਼

 

ਮੇਰਿਆ ਰੱਬਾ ਓ ਰੱਬਾ ਮੇਰਿਆ

ਤੇਰੇ ਚਰਨਾਂ ’ਚ ਅਰਦਾਸ ਹੈ

ਬਖਸ਼ ਜਾਨ ਕਿਰਤੀਆਂ ਦੀ

ਬੱਸ ਤੈਥੋਂ ਹੀ ਆਸ ਹੈ


 

ਕੁੱਝ ਕਰ ਤੂੰ ,ਕੁੱਝ ਤਾਂ ਕਰ

ਕਿਰਤੀ ਕਾਮਾ ਕਿਸਾਨ ਰਿਹਾ ਮਰ

ਮੁੱਦਾ ਇਹ ਹੱਲ ਹੋਵੇ , ਚੰਗੀ ਕੋਈ ਗੱਲ ਹੋਵੇ

ਤੇਰਾ ਹੀ ਧਰਵਾਸ ਹੈ

ਬੱਸ ਤੈਥੋਂ ਹੀ ਆਸ ਹੈ


ਨਾ ਕੋਈ ਅਣਹੋਣੀ ਹੋਵੇ

ਨਾ ਕੋਈ ਮਾਂ ਹੰਝੂਆਂ ਨਾਲ ਪੁੱਤ ਦਾ ਕਫ਼ਨ ਧੋਵੇ

ਨਾ ਕੱਟੇ ਕੋਈ ਕਮਾਊ ਹੱਥਾਂ ਨੂੰ

ਨਾ ਕੋਈ ਤੋੜੇ ਕਾਮਿਆਂ ਦੀਆਂ ਲੱਤਾਂ ਨੂੰ

ਹੋਵੇ ਨੇਕੀ ਦੀ ਜਿੱਤ, ਬਦੀ ਦਾ ਨਾਸ਼ ਹੈ

ਬੱਸ ਤੈਥੋਂ ਹੀ ਆਸ ਹੈ


ਮੱਤ ਬਖਸ਼ ਜਿਸ ਨੇ ਖਿੱਚ ਤੀ ਲਕੀਰ

ਮਾੜੀ ਕੀਤੀ ਦਿਹਾੜੀਆਂ ਦੀ ਤਕਦੀਰ

ਬੁਰੀ ਕਰਤੀ ਦੇਸ਼ ਦੀ ਗਤ

ਝੂਠ ਫ਼ਕੀਰ ਉਹ, ਨਹੀਂ ਹੈ ਸਤ

ਹਰ ਰੋਜ਼ ਕਾਮਾ ਹੋਇਆ ਲਾਸ਼ ਹੈ

ਬੱਸ ਤੈਥੋਂ ਹੀ ਆਸ ਹੈ


ਖ਼ਤਮ ਹੋਣ ਮੌਤ ਦੇ ਫ਼ੁਰਮਾਨ

ਨਾ ਮਿਟੇ ਕਾਮੇ ਦਾ ਨਾਮੋ ਨਿਸ਼ਾਨ

ਸਭ ਦਾ ਕਲਿਆਣ ਹੋਵੇ

ਲਹਿ ਲਹਿਰਾਉਂਦਾ ਖੇਤ ਖਲਿਆਣ ਹੋਵੇ 

ਨਾ ਹੋਵੇ ਅੱਡ ਹੱਡ ਨਾਲੋਂ ਮਾਸ  ਹੈ

ਬੱਸ ਤੈਥੋਂ ਹੀ ਆਸ ਹੈ



ਹਿੰਦੁਸਤਾਨ ਦੀ ਹੈ ਸਰਕਾਰ

ਹਿੰਦੁਸਤਾਨ ਦਾ ਕਾਮਾ ਦਿਹਾੜੀਦਾਰ

ਹੋਵੇ ਨਾ ਲੜਾਈ ਆਰ ਪਾਰ

ਗੁਜ਼ਰ ਬਸਰ ਸਭ ਦੀ ਰਲ ਮਿਲ ਹੋਵੇ

ਰਿਸ਼ਤਿਆਂ ਵਿਚ ਨਾ ਕੋਈ ਸਿੱਲ ਹੋਵੇ

ਮਾਂ ਭੋਇੰ ਹੋਈ ਉਦਾਸ ਹੈ

ਬੱਸ ਤੈਥੋਂ ਹੀ ਆਸ ਹੈ


ਇਕ ਦਮ ਤੂੰ ਮਸਲੇ ਨਿਬੇੜੇ

ਮੁੜ ਆਉਣ ਸਾਰੇ ਆਪਣੇ ਵਿਹੜੇ

ਖੁਸ਼ੀਆਂ ਲੈਣ ਪਿੜ ਮੱਲ

ਸੁਹਾਣਾ ਹੋਵੇ ਹਰ ਪਲ

ਪਵੇ ਪਿਆਰ ਦਾ ਮੀਂਹ

ਮੁਹੱਬਤ ਦੀ ਹੋਵੇ ਜਲ ਥਲ

ਤੇਰੇ ਤੇ ਹੀ ਵਿਸ਼ਵਾਸ ਹੈ

ਬੱਸ ਤੈਥੋਂ ਹੀ ਆਸ ਹੈ


ਗਰਮ ਨਾਅਰੇ ਜੋ ਲਾਉਂਦੇ ਨੇ

ਔਖੇ ਵੇਲੇ ਨਹੀਂ ਥਿਆਉਂਦੇ ਨੇ

ਸਰਕਾਰ ਕਿਰਤੀ ਨੂੰ ਦੁਸ਼ਮਣ ਬਣਾਉਂਦੇ ਨੇ

ਪਹਿਚਾਣ ਇਹ ਤੱਤ

ਖਾਰਜ ਕਰ ਇਨਾਂ ਦੀ ਅੱਤ

ਤੇਰੇ ਚਰਨਾਂ ’ਚ ਨਿਵਾਸ ਹੈ

ਬੱਸ ਤੈਥੋਂ ਹੀ ਆਸ ਹੈ


ਮੇਰਿਆ ਰੱਬਾ ਓ ਰੱਬਾ ਮੇਰਿਆ

ਕਿਉਂ ਕਿਰਤੀ ਦੁੱਖਾਂ ਨੇ ਘੇਰਿਆ

ਸੁਣ ਅਰਜੋਈ, ਬਖਸ਼ ਡਾਢੇ ਨੂੰ ਸੁਮੱਤ

ਰੱਖੇ ਕਾਬੂ ਨੀਤ, ਜਿਹੜੀ ਪਿਆਸੀ ਰੱਤ

ਬੰਜਰ ਹੋਈ ਧਰਤ

ਹਲ ਲਿਆ ਆਖ਼ਰੀ ਸਵਾਸ ਹੈ

ਬੱਸ ਤੈਥੋਂ ਹੀ ਆਸ ਹੈ


ਕੁੱਝ ਕਰ ਤੂੰ, ਕੁੱਝ ਤਾਂ ਕਰ

ਬਖਸ਼ ਕਾਮੇ ਨੂੰ ਜ਼ਿੰਦਗੀ

ਅਰਜ ਇਹ ਖ਼ਾਸ ਹੈ

ਅਰਜ ਇਹ ਖ਼ਾਸ ਹੈ

ਬੱਸ ਤੈਥੋਂ ਹੀ ਆਸ ਹੈ…….


 

 

ਚੰਦਰ ਪ੍ਰਕਾਸ਼

ਬਠਿੰਡਾ

98154-37555, 98762-15150

 

ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਇਹ ਕਵਿਤਾ ਰੱਬ ਨੂੰ ਪੁਰਜ਼ੋਰ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਹੈ ਕਿ ਉਹ ਕਿਰਤੀ ਕਾਮਿਆਂ ਦਿਹਾੜੀਦਾਰਾਂ ਅਤੇ ਹੋਰ ਜੁਝਾਰੂਆਂ, ਜੋ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੌਂਦ ਲਈ ਕਾਨੂੰਨ ਦੀ ਇੱਜਤ ਕਰਦੇ ਹੋਏ ਆਪਣਾ ਸੰਘਰਸ਼ ਕਰ ਰਹੇ ਹਨ ,ਉਨਾਂ ਦੀ ਜਾਨ ਦੀ ਸਲਾਮਤੀ ਹੋਵੇ। ਰੱਬ ਅੱਗੇ ਅਰਦਾਸ ਹੈ ਕਿ ਉਹ ਸਭ ਨੂੰ ਸੁਮੱਤ ਬਖਸ਼ੇ ਅਤੇ ਮਸਲੇ ਹੱਲ ਹੋਣ ਅਤੇ ਸਾਰੇ ਮੁੜ ਆਪਣੇ ਘਰਾਂ ਨੂੰ ਸਹੀ ਸਲਾਮਤ ਪਰਤ ਜਾਣ।






---------------------------------------------------------------------------------------------------

ਕਿਰਤੀ ਦਾ ਰਾਜ………………..

ਲੇਖਕ

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ (ਬਠਿੰਡਾ) 


ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਭੀੜਾਂ ਭਾਰੀ ਪੈ ਗਈਆਂ, ਉਨਾਂ ਦੀ ਬਾਤ ਪਾਵਾਂ

ਕਰੇ ਰੁਦਨ ਮਾਂ ਭੋਇੰ, ਮਾਰੇ ਉੱਚੀਆਂ ਧਾਹਾਂ

ਹੁਣ ਹਾਕਮ ਹੋਇਆ ਫਿਰੰਗੀ

ਨੋਚੇ ਮਾਸ ਜਿਉਂ ਗਿੱਧਾਂ, ਕਾਵਾਂ

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਖ਼ੁਦਕੁਸ਼ੀਆਂ ਉੱਗਣ ਖੇਤਾਂ 'ਚੋਂ,

ਕੀ ਪੱਲੇ ਪਾਵਾਂ

ਕਫ਼ਨ ਓੜਿਆ ਵੀਰਾਂ ਨੇ,

ਕਿਹਦੀਆਂ ਘੋੜੀਆਂ ਗਾਵਾਂ

ਉੱਜੜੀਆਂ ਖੁਸ਼ੀਆਂ ਵਿਹੜਿਉਂ,

ਕਿਹੜੇ ਸ਼ਗਨ ਮਨਾਵਾਂ

ਬੇਦਰਦੀ, ਬੇਗੈਰਤ ਹੈ ਹਾਕਮ,

ਕਿਸ ਨੂੰ ਉੱਜੜੀ ਮਾਂਗ ਦਿਖਾਵਾਂ

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਖ਼ਾਲੀ ਝੋਲੀ, ਖਾਲੀ ਖੀਸੇ, ਖਾਲੀ ਬੁਖਾਰੀਆਂ

ਐਸ਼ ਪ੍ਰਸਤ ਰਾਜਾ ਚਲਾਵੇ ਹੁਣ ਮੌਤ ਦੀਆਂ ਆਰੀਆਂ

ਜ਼ਹਿਰ ਖਾ ਗਿਆ ਬਾਪੂ,

ਵੈਣ ਪਾਉਣ ਧੀਆਂ ਦੀਆਂ ਸੱਧਰਾਂ ਕੁਆਰੀਆਂ

ਥੱਕ ਗਏ ਨੇ ਅੱਥਰੂ, ਕਰ ਤੈਅ ਲੰਮਾ ਪੈਂਡਾ

ਕਿਵੇਂ ਲਾਲੀ ਲਹੂ ਦੀ ਅੱਖੀਂ ਲਾਵਾਂ

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਭਰਦਾ ਭਰਦਾ ਢਿੱਡ ਦੇਸ਼ ਦਾ ਹੁਣ ਭੁੱਖਮਰੀ ਝੱਲਾਂ

ਸਾਸ਼ਕ ਖੇਡੇ ਲੂੰਬੜ ਚਾਲਾਂ, ਝੂਠੀਆਂ ਮਾਰੇ ਗੱਲਾਂ

ਜ਼ਮੀਨਾਂ 'ਤੇ ਕਬਜ਼ਾ ਕਰਵਾ ਦੂ, ਬਣਿਆ ਜ਼ਮੀਰੀ ਦੱਲਾ

ਕਿਸ਼ਤੀ ਫ਼ਸੀ ਸਮੁੰਦਰੀ ਡੂੰਘੇ,

ਜ਼ਾਲਮ ਹੋਈਆਂ ਲਹਿਰਾਂ,  ਕਿਵੇਂ ਬੰਨੇ ਲਾਵਾਂ

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ


ਮਿੱਟੀ ਨਾਲ ਮੈਂ ਮਿੱਟੀ ਹੋਇਆਂ,

ਤਾਂ ਉਮਰ ਮਿੱਟੀ ਨਾਲ ਨਿਭਾਈ

ਪੈਰੀਂ ਮਿੱਟੀ, ਮੱਥੇ ਮਿੱਟੀ,

ਚੰਮ ਮਿੱਟੀ ਗਹਿਣੇ ਪਾਈ

ਤੂੰ ਹੋਇਆਂ ਮਿੱਟੀਓਂ ਬੇਗਾਨਾ,

ਭੋਰਾ ਲੱਜ ਨਾ ਆਈ

ਕਰਤੂਤਾਂ ਤੇਰੀਆਂ ਨੇ ਸਿਰ ਨੀਵਾਂ ਕੀਤਾ ਮਾਂ ਭਾਰਤੀ ਦਾ

ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਕਿਹੜੇ ਮੂੰਹੀਂ ਲਾਵਾਂ

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਹੁਣ ਇਹ ਮੰਜਰ ਰਹਿਣ ਨਹੀਂ ਦੇਣਾ

ਪੂੰਜੀਪਤੀਆਂ ਦਾ ਕੰਜਰ ਰਹਿਣ ਨਹੀਂ ਦੇਣਾ,

ਹੁਣ ਹੋਵੈਗਾ ਹਰ ਫ਼ੈਸਲਾ,

ਕਿਸੇ ਨੂੰ ਖਹਿਣ ਨਹੀਂ ਦੇਣਾ, 

ਦੁਸ਼ਮਣ ਸਾਸ਼ਕ ਰਹਿਣ ਨਹੀਂ ਦੇਣਾ,

ਖੇਤਾਂ ਵਿਚ ਰੱਤ ਵਹਿਣ ਨਹੀਂ ਦੇਣਾ

ਉਹ ਤੇਰਾ ਹੱਥ ਫੜੇ, ਤੂੰ ਮੇਰਾ ਹੱਥ,

ਮੈਂ ਕੋਈ ਨਵੀਂ ਮਸ਼ਾਲ ਜਗਾਵਾਂ

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਸਰਹੱਦਾਂ ਦਾ ਰਾਖਾ ਪੰਜਾਬ,

ਝੱਲ ਰਿਹਾ ਹੈ ਜ਼ੁਲਮ ਬੇ ਹਿਸਾਬ

ਅੰਨਾ, ਬੋਲਾ ਹੈ ਰਾਜ,

ਨਾ ਸੁਣੇ ਮਜ਼ਲੂਮ ਦੀ ਆਵਾਜ਼

ਲਹੂ ਆਪਣੇ ਨੂੰ ਵਹਾਉਣਾ ਪਊ,

ਮਾਂ ਦੇ ਦੁੱਧ ਦਾ ਮੁੱਲ ਚੁਕਾਉਣਾ ਪਊ

ਸੰਗੀਨਾਂ ਨੂੰ ਵੰਗਾਰਾਂਗੇ,

ਜਬਰ ਨੂੰ ਮਾਰਾਂਗੇ

ਤੋਪਾਂ ਦਾ ਮੂੰਹ ਮੋੜ ਕੇ,

 ਦਿੱਲੀ ਦੀ ਇੱਟ ਨਾਲ ਇੱਟ ਖੜਕਾਵਾਂ

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਮੰਜ਼ਲ ਰਹਿ ਗਈ ਇਕ ਅੱਧ ਕੋਹ,

ਦਿਖ ਰਹੀ ਹੈ ਚੜਦੇ ਸੂਰਜ ਦੀ ਲੋਅ

ਹਕੂਮਤਾਂ ਛੱਡ ਮੈਦਾਨ ਭੱਜੀਆਂ,

ਜਦ ਗਿਆ ਕਾਮਾ ਖਲੋ

ਚਾਰੇ ਪਾਸੇ ਤੇਰੇ ਜੈਕਾਰੇ ਦੀ ਗੂੰਜ ਹੋ,

ਹੱਕ ਹੀ ਹਾਸਲ ਕਰਾਂਗੇ

ਨਹੀਂ ਹੁਣ ਗਲ 'ਚ ਫੰਦਾ ਪਾਵਾਂ।

ਸੁਣੋ ਕਿਰਤੀਓ, ਸੁਣੋ ਕਾਮਿਓ, ਇਕ ਵਿਥਿਆ ਸੁਣਾਵਾਂ

ਵੇਲਾ ਆ ਗਿਆ ਹੁਣ, ਲਾਲ ਕਿਲੇ 'ਤੇ ਪਰਚਮ ਲਹਿਰਾਵਾਂ

ਦਮ ਨਾਲ ਦਮ ਮਿਲਾ ਕੇ ਤਖ਼ਤ ਦੀਆਂ ਜੜਾਂ ਹਿਲਾਵਾਂ

ਉਖਾੜ ਸੁੱਟਾਂ ਅੱਤਿਆਚਾਰੀ ਸਾਸ਼ਕ, ਕਿਰਤੀ ਰਾਜ ਲਿਆਵਾਂ

ਖੁਸ਼ੀਆਂ ਢੁੱਕਣ ਸਰਦਲ ਸਾਡੀ, ਰੱਜ ਰੱਜ ਚਾਅ ਮਨਾਵਾਂ,

ਸ਼ਹਿਨਾਈਆਂ ਵਿਹੜੇ ਗੂੰਜਣ, ਭੈਣਾਂ ਹੱਥੀਂ ਮਹਿੰਦੀ ਲਾਵਾਂ।

ਲੇਖਕ

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ (ਬਠਿੰਡਾ)

ਮੋ. 98762-15150, 98154-37555.  

-----------------------------------------------------------------------------------------------------------------------------

ਹੰਕਾਰੀ ਦਿੱਲੀ ਦਾ ਕਾਲਾ ਕਿਰਦਾਰ


ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਨਿਹੱਥੇ 'ਤੇ ਕਰਦੀ ਹੈ ਵਾਰ ਦਿੱਲੀਏ

ਜ਼ੁਲਮ ਕਰੇ ਬੇਸ਼ੁਮਾਰ ਦਿੱਲੀਏ

ਇਨਸਾਨੀਅਤ ਨੂੰ ਕੀਤਾ ਸ਼ਰਮਸਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਵਰਾ ਡਾਂਗਾ, ਛੱਡ ਅੱਥਰੂ ਗੈਸ ਦੇ ਗੋਲੇ

ਝੱਲਾਂਗੇ ਗੋਲੀਆਂ ਦੀ ਬੋਛਾਰ ਦਿੱਲੀਏ

ਅਤਿਆਚਾਰ ਦਾ ਕਰੇਂ ਕਾਰੋਬਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਮਾਰੂ ਕਾਨੂੰਨ ਬਣਾਤੇ

ਖੋਵੇਂ ਘਰ ਬਾਰ, ਖੋਵੇਂ ਰੁਜ਼ਗਾਰ ਦਿੱਲੀਏ

ਕਾਲਾ ਤੇਰਾ ਕਿਰਦਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਸਮਝ ਕੁੱਝ, ਖੇਤ ਸਮਸ਼ਾਨ ਹੋ ਰਹੇ ਨੇ

ਸਰੀਰ ਦੇ ਮੁੜਕੇ , ਹੰਝੂ ਧੋ ਰਹੇ ਨੇ

ਨਮ  ਹੋ ਗਏ ਦਰੋ ਦਿਵਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਖੋਵੇ ਕਿੱਤਾ , ਖੋਵੇ ਜ਼ਮੀਨ ਸਾਥੋਂ

ਘਰਾਣਿਆਂ ਦੀ ਬਣ ਗਈ ਨਚਾਰ ਦਿੱਲੀਏ

ਕਿਹੜਾ ਹੈ ਇਹ ਤੇਰਾ ਵਿਵਹਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਜ਼ੁਲਮੀਆਂ ਦੀ ਗੁਲਾਮ ਸੀ ਤੂੰ

ਆਜ਼ਾਦ ਫ਼ਿਜ਼ਾ ਵਿਚ ਸਾਂਹ ਦਿਵਾਇਆ ਤੈਨੂੰ

ਖ਼ੂਨ ਵਹਾਇਆ ਆਪਣਾ ਸਦੀਆਂ ਤੱਕ

ਤਖ਼ਤ ਬਣਾਇਆ ਤੈਨੂੰ

ਫ਼ਿਰ ਵੀ ਕਰਦੀ ਐ ਸਾਡਾ ਨਰਸੰਘਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਤੇਰੀਆ ਨੀਹਾਂ ਦੀਆਂ ਪਰਤਾਂ ਵਿਚ ਲਹੂ ਸਾਡਾ

ਵਾਰਿਆ ਸੀਸ ਵਿਚ ਚੌਂਕ ਚਾਂਦਨੀ,

ਜਿੱਤਿਆ ਤੈਨੂੰ ਵਾਰ ਵਾਰ ਦਿੱਲੀਏ

ਕਦੇ ਅਸੀਂ ਸੀ ਤੇਰੀ ਸਰਕਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਚੀਰ ਸੀਨਾ ਤੇਰੇ ਅੱਤਿਆਚਾਰੀ ਤੂਫ਼ਾਨ ਦਾ

ਲਾਵਾਂਗੇ ਕਿਨਾਰੇ ਕਿਸ਼ਤੀ

ਬੜਾ ਹੌਂਸਲੇ 'ਚ ਹੈ, ਪਤਵਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਅਸੀਂ ਹੀ ਲੜੀਆਂ ਜੰਗਾਂ,

ਅਸਾਂ ਹੀ ਬਦਲੀ ਦੇਸ਼ ਦੀ ਨੁਹਾਰ ਦਿੱਲੀਏ

ਕਰਦਾਂਗੇ ਹੁਣ ਸਿੰਘਾਸਨ ਤਾਰ ਤਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਕਰ ਖ਼ਤਮ ਜ਼ੁਲਮ ਦੀ ਸੋਚ ਨੂੰ,

ਛੇੜ ਨਾ ਸਾਡੇ ਪਾਕ ਰੋਸ ਨੂੰ

ਤਾਂਡਵ ਨਾਚ ਹੀ ਹੋਜੂ

ਜੇ ਨਿਕਲ ਗਿਆ ਗੁਬਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਮੁੱਕੇਗੀ ਕਾਲੀ ਰਾਤ, ਚੜੇਗਾ ਦਿਨ ਚਾਨਣਾ,

ਸੂਰਜ ਦੀਆਂ ਕਿਰਨਾਂ ਦਾ ਆਨੰਦ ਹੈ ਮਾਨਣਾ

ਪਤਝੜ ਪਿੱਛੋਂ ਆਉਂਦੀ ਹੈ ਬਹਾਰ ਦਿੱਲੀਏ

ਕਾਹਦਾ ਹੈ ਤੈਨੂੰ ਹੰਕਾਰ ਦਿੱਲੀਏ……

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ (ਬਠਿੰਡਾ)

98154-37555, 98762-15150

  

ਇਹ ਕਵਿਤਾ ਉਨਾਂ ਜੁਝਾਰੂ ਕਿਰਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਮੱਰਪਿਤ ਹੈ, ਜਿਹੜੇ ਗੁਰੂਆਂ ਦੀ ਦਿੱਤੀ ਹੋਈ ਸੇਧ'ਤੇ ਚੱਲਕੇ ਸਰਕਾਰੀ ਜ਼ੁਲਮ ਦੇ ਖ਼ਿਲਾਫ਼ ਲੜ ਕੇ ਆਪਣੇ ਹੱਕਾਂ ਦੀ ਰਾਖੀ ਲਈ ਜਾਨ ਦੀ ਬਾਜ਼ੀ ਲਾਉਣ ਲਈ ਦਿੱਲੀ ਵੱਲ ਕੂਚ ਕਰ ਚੁੱਕੇ ਹਨ।

ਚੰਦਰ ਪ੍ਰਕਾਸ਼

-----------------------------------------------------------------------------------------------------------------------------

ਆ ਕਾਮੇ ਤੇਰੀ ਹਿੱਕ 'ਤੇ ਖੜੇ


 

ਚੰਦਰ ਪ੍ਰਕਾਸ਼


 

ਕਿੱਤਾ ਸਵਰ ਬਥੇਰਾ

ਪਾ ਲਿਆ ਦਿੱਲੀ ਨੂੰ ਹੁਣ ਘੇਰਾ

ਚੜ ਗਿਆ ਨਵਾਂ ਸਵੇਰਾ

ਆ ਕਾਮੇ ਤੇਰੀ ਹਿੱਕ 'ਤੇ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ


ਕਿਹਾ ਸੀ ਤੈਨੂੰ ਨਾ ਛੇੜ ਛੱਤਾ ਭਰਿੰਡਾਂ

ਫੁਲਾਦੀ ਇਰਾਦੇ, ਸਾਡਾ ਲੋਹੇ ਦਾ ਪਿੰਡਾ

ਲਿਆ ਕਿਰਪਾਣ, ਕਰ ਸਰ ਕਲਮ

ਸਾਹਮਣੇ ਤੇਰੇ ਲੱਖਾਂ ਸੀਸ਼ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ



ਲਾਈਆਂ ਬੇਹਿਸਾਬ ਰੋਕਾਂ

ਰਾਹ ਨਹੀਂ ਸੀ ਸੋਖਾ

ਪੁਲਿਸ ਮਾਰੀਆਂ ਸਰੀਰੀ ਟੋਕਾਂ

ਖ਼ੂਨ ਚੂਸਿਆ ਵਾਂਗ ਜੋਕਾਂ

ਚਲਾ ਗੋਲੀਆਂ ਆਖ ਸੰਗੀਨਾਂ ਨੂੰ

ਸਾਡੇ ਹੌਂਸਲੇ ਨਾਲ ਲੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ



ਆਖਿਆ ਅੱਤਵਾਦੀ, ਆਖਿਆ ਖਾਲਿਸਤਾਨੀ

ਅਸਾਂ ਦੇਸ਼ ਦੇ ਰਾਖੇ, ਤੇਰੀ ਜ਼ਮੀਰ ਹੈ ਫ਼ਾਨੀ

ਸ਼ਹਾਦਤਾਂ ਸਾਡੀਆਂ ਗੂੰਜ਼ਣ ਵਿੱਚ ਜ਼ਲਿਆਂਵਾਲੇ, ਕਾਲੇ ਪਾਣੀ

ਸ਼ਰਮ ਨਾ ਆਈ ਤੈਨੂੰ, ਝੂਠੇ ਦੋਸ਼ ਮੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ


 

ਸ਼ੌਂਕ ਨਹੀਂ ਸਾਨੂੰ ਠੰਢੀਆਂ ਪੌਣਾਂ ਦਾ

ਲੈ ਨਾਪ ਸਾਡੀਆਂ ਲੰਮੀਆਂ ਧੌਣਾਂ ਦਾ

ਵੱਟ ਕੱਸ ਕੇ ਰੱਸੀਆਂ, ਕਰ ਤਕੜਾ ਫੰਦਾ

ਜਾਵੇ ਕਿਤੇ ਨਾ ਗਲੋਟੇ ਵਾਂਗ ਉੱਧੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ


 

ਜੇ ਫ਼ਿਰੰਗੀ ਹੁਕਮਰਾਨ ਤੂੰ

ਅਸੀਂ ਸੁਖਦੇਵ, ਰਾਜਗੁਰੂ , ਸਿੰਘ ਭਗਤ

ਮਾਤ ਹੀ ਦੇਵਾਂਗੇ ਤੇਰੀ ਤਸ਼ੱਦਦ ਨੂੰ

ਪੀੜਾਂ ਦੀ ਭੱਠੀ ਵਿਚ ਹਾਂ ਰੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ


 

ਜ਼ੁਲਮ ਤੇਰਾ ਸਹਿਣ ਨੂੰ

ਮੁਕਾਉਣ ਕਾਲੀ ਰੈਣ ਨੂੰ

ਮੌਤ ਆਪਣੀ ਨਾਲ ਖਹਿਣ ਨੂੰ

ਆਣ ਤੇਰੇ ਬੂਹੇ ਖੜੇ

ਅਬਦਾਲੀ ਮਸਾ ਰੰਘੜ, ਦੋਵੇਂ ਨੇ ਰਗੜੇ

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98762-15150, 98154-37555

ਇਹ ਕਵਿਤਾ ਜੁਝਾਰੂ ਕਿਰਤੀਆਂ, ਕਾਮਿਆਂ, ਕਿਸਾਨਾਂ, ਮਜ਼ਦੂਰਾਂ, ਦਿਹਾੜੀਦਾਰਾਂ ਤੇ ਵਪਾਰੀਆਂ ਨੂੰ ਸਮੱਰਪਿਤ ਹੈ, ਜੋ ਜ਼ੁਲਮ ਦੇ ਖ਼ਿਲਾਫ਼ ਹੱਡ ਚੀਰਵੀਂ ਠੰਢ ਵਿਚ ਆਕਾਸ਼ ਦੇ ਥੱਲੇ ਆਪਣੇ ਲਹੂ ਦੀ ਗਰਮੀ ਦਾ ਸੇਕ ਸੱਤਾ ਨੂੰ  ਪਹੁੰਚਾ ਰਹੇ ਹਨ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸਿਰ 'ਤੇ ਕਫ਼ਨ ਬੰਨ ਕੇ ਦਿੱਲੀ ਦੀ ਹਿੱਕ 'ਤੇ ਆ ਖੜੇ ਹਨ।

ਜੈ ਹਿੰਦ

ਭਾਰਤ ਮਾਤਾ ਦੀ ਜੈ

ਜੈ ਜਵਾਨ, ਜੈ ਕਿਸਾਨ ਅਤੇ ਉਨਾਂ ਦੀ ਜੈ ਜਿਹੜੇ ਇਨਾਂ ਨਾਲ ਹਾਅ ਦਾ ਨਾਅਰਾ ਮਾਰ ਰਹੇ ਹਨ।

----------------------------------------------------------------------------------------------------------------------------

ਸਿਰ 'ਤੇ ਸਜੀ ਦਸਤਾਰ ਤਾਂ ਹੈ…..

ਚੰਦਰ ਪ੍ਰਕਾਸ਼


ਕੱਟੀ ਹੈ ਗਰਦਨ,

ਫ਼ਿਰ ਵੀ,

ਸਿਰ 'ਤੇ ਸਜੀ ਦਸਤਾਰ ਤਾਂ ਹੈ…

ਵਹਾਵਾਂ ਰਤ ਆਪਣੇ ਨੂੰ,

ਪੱਤ ਰੱਖਾਂ ਕੌਮ ਦੀ,

ਇਹ ਮੇਰਾ ਕਿਰਦਾਰ ਤਾਂ ਹੈ।

ਧਰਮ ਹੀ ਨਿਭਾਉਣਾ,

ਮਿਟਾਉਣਾ ਜ਼ੁਲਮ ਸਦਾ,

ਈਨ ਨਾ ਮੰਨਣਾ ਜ਼ਾਲਮਾਂ ਦੀ,

ਵਿਰਸੇ 'ਚ ਮੇਰੇ  ਸਰਹੰਦ ਦੀ ਦੀਵਾਰ ਤਾਂ ਹੈ।

ਦੰਦ ਖੱਟੇ ਕੀਤੇ ਦੁਸ਼ਮਣਾਂ ਦੇ,

ਛੁਡਾਵਾਂਗੇ ਛੱਕੇ ਅੱਗੇ ਵੀ,

ਖਾਣੀ ਮੂੰਹ ਦੀ ਹੀ ਪਊ,

ਹਰੇਕ ਜੰਗ 'ਚ ਵੈਰੀਆਂ ਨੂੰ,

ਦੇਸ਼ ਦਾ, ਪੰਜਾਬ ਸਿਪਾਹ ਸਲਾਰ ਤਾਂ ਹੈ।

ਜੰਗ ਲੜਦਿਆਂ ਜਵਾਨ ਹੋਇਆ,

ਬਸੇਰਾ ਵਿਚ ਲਾਮਾ,

ਜੌਹਰ ਦਿਖਾਉਣ ਰਣ ਵਿਚ

ਫ਼ੌਜੀ, ਕਿਰਤੀ ਤੇ ਕਾਮਾ,

ਚੀਥੜੇ ਚੀਥੜੇ ਹੈ ਸਰੀਰ,

ਘਾਟ ਮੌਤ ਦੇ ਉਤਾਰਾਂ ਦੁਸ਼ਮਣਾਂ ਨੂੰ,

ਹੌਂਸਲਾ ਮੇਰਾ ਘੁੜ ਸਵਾਰ ਤਾਂ ਹੈ।

ਰੋਟੀ ਸਾਡੀ ਖੋਹ ਲਈ,

ਖਾਲੀ ਕਰਤੀ ਥਾਲੀ,

ਕਦੇ ਜਗਾਵੇਂ ਦੀਵੇ,

ਕਦੇ ਵਜਾਵੇਂ ਤਾਲੀ,

ਰੋਸ਼ਨ ਤੇਰੇ ਮਹਿਲ ਚੁਬਾਰੇ,

ਸਾਡੀ ਦੀਵਾਲੀ ਕਾਲੀ,

ਹੁਣ ਅੱਖ ਨਹੀਂ ਮਿਲਾਉਂਦਾ 'ਰਾਜਾ',

ਨੀਵੀਂ ਕਿਉਂ ਪਾਲਈ,

ਅੱਖੀਆਂ ਮੇਰੀਆਂ ਵਿਚ ਅੰਗਾਰ ਤਾਂ ਹੈ।

ਵੱਟ ਲਈ ਤਿਆਰੀ,

ਚੜਾਉਣ ਲਈ ਫੌਜਾਂ ਸਾਡੇ ਰੋਸ 'ਤੇ,

ਹਰਾਵਾਂਗੇ ਤਸ਼ੱਦਦ ਤੇਰੀ,

ਆਂਚ ਨਾ ਆਵੇ ਸਾਡੇ ਜੋਸ਼ 'ਤੇ,

ਨੀਤ ਖੋਟੀ, ਤੇਰਾ ਅੱਤਿਆਚਾਰ ਤਾਂ ਹੈ।

ਸੁਰ ਨਾਲ ਸੁਰ ਮਿਲ ਗਿਆ,

ਸੁਨੇਹਾ ਕਿਸਾਨਾਂ ਦਾ ਧੁਰ ਗਿਆ,

ਹਿੰਦੁਸਤਾਨੀਆ ਦਾ ਸਮੁੰਦਰ ਜੁੜ ਗਿਆ,

ਸੱਤਾ ਦਾ ਫਰੇਬ ਰੁੜ ਗਿਆ,

ਥਰ ਥਰ ਕੰਬਣ ਪਾਵੇ ਤਖ਼ਤ ਦੇ,

ਆਵਾਜ਼ ਮੇਰੀ 'ਚ ਵੰਗਾਰ ਤਾਂ ਹੈ।

ਪੁੱਤ ਧਰਤੀ ਦੇ ਨੇ ਹੁਣ ਠਾਣ ਲਈ,

ਮਰਾਂਗੇ ਦੇਸ਼ ਦੀ ਆਣ ਲਈ,

ਚਾਹੇ ਚੜਾ ਟੈਂਕ,

ਚਾਹੇ ਚਲਾ ਤੋਪਾਂ,

ਵਹਾ ਖ਼ੂਨ ਦੀਆਂ ਨਦੀਆਂ,

ਦੇਵਾਂਗੇ ਕੁਰਬਾਨੀ,

ਲੜਾਈ ਇਹ ਆਰ ਪਾਰ ਤਾਂ ਹੈ।

ਹੱਡ ਚੀਰੇ ਠੰਢ,

ਬੈਠਿਆ ਸੜਕ 'ਤੇ,

ਰੱਖੀ ਸਿਰ ਦੁੱਖਾਂ ਦੀ ਪੰਡ,

ਕਰਾਤੀ ਜੈ ਜੈ ਕਾਰ ਵਿਚ ਬ੍ਰਹਿਮੰਡ

ਜਿੱਤ ਕੇ ਪਰਤੇਂਗਾ ਜਦ ਨਗਰ ਵਿਚ,

ਧੀ, ਭੈਣ 'ਤੇ ਮਾਂ ਫੜੇ ਫੁੱਲ ਹੱਥਾਂ ਵਿਚ,

ਉਡੀਕਦੀ ਚਾਨਣੇ ਦੀਵਿਆਂ ਦੀ ਕਤਾਰ ਤਾਂ ਹੈ।

ਸਿਰ 'ਤੇ ਸਜੀ ਦਸਤਾਰ ਤਾਂ ਹੈ…..


ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

ਮੋ. 98154-37555, 98762-15150

ਮੇਰੀ ਇਹ ਰਚਨਾ ਕਵਿਤਾ ਉਨਾਂ ਭਾਰਤ ਮਾਤਾ ਦੇ ਜੁਝਾਰੂ ਪੁੱਤਰਾਂ, ਪੁੱਤਰੀਆ ਨੂੰ ਸਮੱਰਪਿਤ ਹੈ, ਜਿਹੜੇ ਦੇਸ਼ ਦੇ ਹਿੱਤ ਵਿਚ ਹਰੇਕ ਤਰਾਂ ਦਾ ਅੱਤਿਆਚਾਰ ਝੱਲਦੇ ਹੋਏ ਆਪਣੀ ਨਿਰਸਵਾਰਥ ਨਿਰੰਤਰ ਲੜ ਰਹੇ ਹਨ। ਪ੍ਰਮਾਤਮਾ ਦੇਸ਼ ਨੂੰ ਸੁਖਾਲੇ ਮਾਹੌਲ ਵੱਲ ਲੈ ਕੇ ਜਾਵੇ ਅਤੇ ਸਭ ਤੇ ਸੁਮੱਤ ਬਖਸ਼ੇ।

ਜੈ ਹਿੰਦ,

ਭਾਰਤ ਮਾਤਾ ਦੀ ਜੈ,

ਜੈ ਭਾਰਤ।


-----------------------------------------------------------------------------------------------------------------------------

ਧੀ ਦਾ ਬਾਪੂ ਨਾਲ ਸੰਵਾਦ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ……

ਚੰਦਰ ਪ੍ਰਕਾਸ਼



ਧੀ…

 

ਉੱਡੀ ਉੱਡੀ ਵੇ ਕਾਵਾਂ, ਲੰਮੀ ਉਡਾਰੀ ਭਰ

ਜਿੱਥੇ ਮੇਰਾ ਬਾਪੂ ਗਿਆ,ਪਹੁੰਚ ਉਸ ਨਗਰ

ਦੱਸ ਮੈਨੂੰ ਉਸਦਾ ਕੀ ਹਾਲ ਹੈ

ਬੇ ਰੌਣਕਾਂ, ਜਾਂ ਚਿਹਰਾ ਲਾਲ ਹੈ

ਬੱਦਲ ਮੰਡਰਾ ਰਹੇ ਮੌਤ ਦੇ ਵਿੱਚ ਦਿੱਲੀ ਅਸਮਾਨ

ਗੱਡ ਝੰਡੇ ਦਰਬਾਰ ਦੀ ਹਿੱਕ 'ਤੇ ਬਹਿ ਗਏ ਕਿਸਾਨ

ਆਖੀਂ ਬਾਪੂ ਨੂੰ ਬਾਕੀ ਸਭ ਠੀਕ ਹੈ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….

ਬਾਪੂ…

ਨੀਂ ਧੀ  ਧੀਆਨੀਏ, ਨੀਂ ਲਾਡੋ ਰਾਣੀਏ

ਕਿਵੇਂ ਲਾਡ ਲੜਾਵਾਂ,ਚੁੱਕ ਗੋਦੀ ਕਿਵੇਂ ਤੈਨੂੰ ਖਿਡਾਵਾਂ

ਵਿੱਚ ਲਾਮ ਦੇ ਕੁੱਦ ਕੇ ਤੇਰਾ ਭਵਿੱਖ ਬਚਾਵਾਂ

ਆਪਣੇ ਹੋ ਗਏ ਵੈਰੀ, ਪਾਉਣ ਕਿਰਤ 'ਤੇ ਡਾਕੇ

ਲਿਆ ਲੋਹਾ ਵੈਰੀਆਂ ਨਾਲ, ਵਿੱਚ ਦਿੱਲੀ ਆਕੇ

ਲੂੰ ਕੰਡੇ ਖੜੇ ਨੇ, ਦਿੱਲੀ ਮੰਗਦੀ ਸ਼ਹਾਦਤ ਹੈ

ਹੌਂਸਲੇ ਤੇਰੇ ਬਾਪੂ ਦੀ ਬਾਦਸ਼ਾਹਤ ਹੈ….

ਧੀ…

ਤੇਰੇ ਬਗੈਰ ਬਲਦਾਂ ਦੀ ਜੋੜੀ ਉਦਾਸ ਹੈ

ਤੇਰੇ ਦੂਰ ਹੋਣ ਦਾ ਇਨਾਂ ਨੂੰ ਅਹਿਸਾਸ ਹੈ

ਫ਼ਿਕਰ ਨਾ ਕਰੀਂ ਛੋਟੇ ਵੀਰੇ ਨਾਲ ਮੈਂ ਖੇਤਾਂ ਨੂੰ ਜਾਵਾਂ

ਮੈਂ ਹੀ ਮੋੜਾਂ ਨੱਕੇ, ਮੈਂ ਹੀ ਪਾਣੀ ਲਾਵਾਂ

ਕੰਮ ਸੰਨੀ ਦਾ ਕਰਾਂ, ਪਸ਼ੂਆਂ ਨੂੰ ਪੱਠੇ ਪਾਵਾਂ

ਧੀ ਮੁੰਡਿਆਂ ਤੋਂ ਘੱਟ ਨਹੀਂ, ਖਿੱਚਤੀ ਨਵੀਂ ਲੀਕ ਹੈ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….

ਬਾਪੂ…

ਤੇਰੇ ਵਰਗੀ ਇਕ ਸੋਹਣੀ ਧੀ ਸਾਡੇ ਕੋਲ ਸੀ ਆਈ

ਗਰਮਾ ਗਰਮ ਚਾਹ ਉਸਨੇ ਸਾਨੂੰ ਸੀ ਪਿਆਈ

ਜਦ ਮੈਂ ਪੁੱਛਿਆ ਕੌਣ ਹੈ ਤੂੰ

ਬੋਲੀ ਉਹ ਮੈਂ ਹਾਂ ਧੀ ਧਿਆਣੀ, ਬਾਪੂ ਦੀ ਲਾਡੋ ਰਾਣੀ

ਦੇਣ ਲੱਗਾ ਜਦ ਸ਼ਗਨ ਮੈਂ  ਉਸ ਨੂੰ

ਫੜ ਹੱਥ ਮੇਰਾ ਸਿਰ ਰੱਖਿਆ ਆਪਣੇ

ਕਹਿੰਦੀ ਇਹ ਮੇਰਾ ਮਾਣ ਹੈ

ਖੇਤਾਂ ਦਾ ਰਾਜਾ ਬਾਪੂ ਮੇਰਾ ਕਿਸਾਨ ਹੈ….

ਧੀ…


ਆਖ ਗੱਦੀਨਸ਼ੀਨ ਨੂੰ ਸੱਚੇ ਮਨ ਨਾਲ ਮਸਲਾ ਨਿਬੇੜੇ

ਜੇ ਕਿਰਤੀ ਮਰ ਗਿਆ, ਆ ਜਾਊ ਦੁਸ਼ਮਣ ਦੇਸ਼ ਦੇ ਵਿਹੜੇ

ਬਿਗਾਨੇ ਨਹੀਂ, ਅਸੀਂ ਇਸ ਧਰਤੀ ਦੇ ਜਾਏ

ਜੂਨ ਮਾੜੀ ਸਾਡੀ, ਤੈਨੂੰ ਭੋਰਾ ਤਰਸ ਨਾ ਆਏ

ਵੇਖ ਹੜ ਧਰਤੀ ਪੁੱਤਰਾਂ ਦਾ ਜਾਂਦੀ ਨਜ਼ਰ ਜਿਥੋਂ ਤੀਕ ਹੈ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….

ਬਾਪੂ…


ਕਿਸਾਨ, ਵਪਾਰੀ ਤੇ ਦਿਹਾੜੀਦਾਰ ਗਏ ਰਲ

ਪਾ ਲਿਆ ਘੇਰਾ, ਲਿਆ ਚਾਰੋਂ ਪਾਸੋਂ ਪਿੜ ਮੱਲ

ਦੇਖੇ ਸਾਰੀ ਦੁਨੀਆਂ ਸਾਡੇ ਵੱਲ

ਰੋਸ਼ ਸਾਡੇ ਨਾਲ "ਲਾਲ ਪੱਥਰ" ਫਟਣਗੇ

ਜੁਝਾਰੂ ਜ਼ੁਲਮ ਦੇ ਅੱਗੇ ਸਦਾ ਡੱਟਣਗੇ

ਕਾਲੇ ਕਾਨੂੰਨਾਂ ਨੇ ਮਚਾਤਾ ਬਵਾਲ ਹੈ

ਹੁਣ ਦੇਸ਼ ਦੇ ਭਵਿੱਖ ਦਾ ਸਵਾਲ ਹੈ….

ਧੀ…

 

ਤੂੰ ਸਿਆਸਤੀ ਨਹੀਂ, ਤੂੰ ਰਿਆਸਤੀ ਨਹੀਂ

ਨਾ ਤੂੰ ਦਰਬਾਰੀ, ਨਾ ਤੂੰ ਸਰਕਾਰੀ

ਹਰ ਵਕਤ ਰੱਖੀਂ ਤਿਆਰੀ

ਸਾਸ਼ਕ ਦੀ ਆਕੜ ਭਾਰੀ

ਸੀਸ ਨਾ ਝੁੱਕੇ ਤੇਰਾ ਜਦ ਚਲਾਊ ਜ਼ੁਲਮੀ ਆਰੀ

ਤੇਰੇ ਕਾਰਜ ਤੋਂ ਲੈਣੀ ਦੁਨੀਆਂ ਨੇ ਸੀਖ ਹੈ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….

ਬਾਪੂ…


ਇਕ ਹੋਰ ਤੇਰੇ ਜਿਹੀ ਸ਼ੇਰ ਧੀ ਆਈ

ਆਣ ਉਸ ਨੇ ਲੰਗਰ ਵਿਚ ਸੇਵਾ ਕਰਾਈ

ਸਿਰ ਹੱਥ ਮੈਂ ਰੱਖਿਆ, ਉਸ ਘੁੱਟ ਗਲਵੱਕੜੀ ਪਾਈ

ਸੱਦਿਆ ਪਿਤਾ ਮੈਨੂੰ, ਇਕ ਗੱਲ ਦਿਲ ਖੋਲ ਸੁਣਾਈ

ਆਖਿਆ ਤੂੰ ਸਾਡੀ ਪੱਤ ਦਾ ਰਾਖਾ ,ਨਹੀਂ ਖਾਲੀਸਤਾਨੀ

ਸਾਨੂੰ ਇਹ ਸੂਝ ਹੋ ਗਈ

ਦਿੱਲੀ ਤੇਰੇ ਹੱਥਾਂ 'ਚ ਮਹਿਫੂਜ਼ ਹੋ ਗਈ….

ਧੀ…


ਕਿਸਾਨ ਭਾਰਤ ਦੀ ਪੱਤ ਖ਼ਾਤਰ ਜੀਵੇ

ਕਿਸਾਨਾਂ ਦੀ ਮੱਤ ਉੱਚੀ ਮਨ ਨੀਵੇਂ

ਜੇ ਆ ਗਈ ਉਹ ਘੜੀ

ਲਗਾ ਦਿਉ ਸੀਸ ਵਾਰਨ ਦੀ ਝੱੜੀ

ਤਖ਼ਤ ਨੂੰ ਨਵਾਂ ਅਹਿਸਾਸ ਕਰਾਉਣਾ

ਖੂਨ ਦੇ ਕੇ ਇਹਦੀ ਪਿਆਸ ਬੁਝਾਉਣਾ

ਖੜ ਮੇਰੇ ਨਾਲ ਗਏ ਹੁਣ ਤਾਂ ਸਾਰੇ ਸ਼ਰੀਕ ਹੈ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….

ਬਾਪੂ…


ਧੀਏ ਤੇਰੇ ਨਾਲ ਹੈ ਵਾਅਦਾ

ਖਾਲੀ ਹੱਥ ਮੁੜਨ ਦਾ ਨਹੀਂ ਇਰਾਦਾ

ਜੋਸ਼ ਸਿਖ਼ਰਾਂ 'ਤੇ, ਲਹੂ ਵਿਚ ਉਬਾਲ ਹੈ

ਜਿੱਤਣੀ ਹੈ ਲੜਾਈ, ਬਨਾਉਣੀ ਮਿਸਾਲ ਹੈ

ਕਾਣ ਨਹੀਂ ਕਰਦੇ ਦੇਵਾਂਗੇ ਕੁਰਬਾਨੀ

ਸਿਰ ਤੇਰਾ ਉੱਚਾ ਕਰਾਂਗੇ ਲਾਡੋ ਰਾਣੀ

ਖ਼ਤਮ ਕਰਨਾ ਇਹ ਬਵਾਲ ਹੈ….

ਧੀ…


ਫ਼ਕਰ ਹੈ ਮਨੂੰ ਤੇਰੀ ਧੀ ਹੋਣ ਦਾ

ਵੇਲਾ ਹੈ ਹੁਣ ਜਿੱਤ ਦਾ ਪਰਚਮ ਲਹਿਰਾਉਣ ਦਾ

ਜਿੱਤ ਮੁੜ ਆਉਣ ਦਾ ਸੁਨੇਹਾ ਲਿਆ ਕਾਵਾਂ

ਤੇਰੇ ਆਉਣ ਦਾ ਚਾਅ ਮਨਾਵਾਂ

ਗੁੰਨ ਪਾਂਡੋ ਘਰੇ ਲਿਪ ਪੋਚਾ ਲਾਵਾਂ

ਧੀ ਤੇਰੀ ਆਜ਼ਾਦ ਭਾਰਤ ਦੀ ਵਸਨੀਕ ਹੈ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….

ਬਾਪੂ…


ਜੇ ਮੋਇਆ ਮੈਂ, ਨਾ ਤੂੰ ਘਬਰਾਈਂ

ਨਾ ਅੱਖੀਆਂ ਵਿਚ ਹੰਝੂ ਲਿਆਂਈ

ਮੋਢਾ ਦੇ ਕੇ ਘਾਟ ਸਮਸ਼ਾਨ ਲੈ ਜਾਈਂ

ਲਾਂਬੂ ਮੇਰੀ ਦੇਹ ਨੂੰ ਲਾਈਂ 

ਮਾਂ ਭੋਇੰ ਨੂੰ ਲੋੜ ਤੇਰੇ ਬਾਪ ਦੀ

ਲੜ ਰਹੇ ਹਾਂ ਲੜਾਈ ਇਨਸਾਫ਼ ਦੀ….

ਧੀ…



ਕੁੱਝ ਫੁੱਲ ਖਿੜੇ ਨੇ ਆਪਣੇ ਵਿਹੜੇ

ਖੁਸ਼ਬੂਆਂ ਦੇ ਬਣ ਗਏ ਨੇ ਖੇੜੇ

ਹੁਣ ਫੁੱਲਾਂ ਦਾ ਮੈਂ ਹਾਰ ਬਣਾਵਾਂ

ਜਿੱਤ ਕੇ ਆਵੇਂ ਤੂੰ

ਤੇਰੇ ਗਲ ਵਿਚ ਪਾਵਾਂ

ਸ਼ਹੀਦੀ ਜਾਮਾਂ ਜੇ ਪੀ ਗਿਆ

ਤੇਰੀ ਮੜੀ ਤੇ ਚੜਾਵਾਂ

ਹੁਣ ਇਹੀ ਮੇਰਾ ਗੀਤ ਹੈ

ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….

 

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

ਮੋ. 98154-37555, 98762-15150

ਇਹ ਕਵਿਤਾ ਉਨਾਂ ਬਹਾਦਰ ਧੀਆਂ ਨੂੰ ਸਮੱਰਪਿਤ ਹੈ ਜਿਹੜੀਆਂ ਆਪਣੇ ਬਾਪ, ਜੋ ਦਿੱਲੀ ਦੀ ਹੱਦ 'ਤੇ ਬੈਠਾ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਜਾਨ ਦੀ ਬਾਜ਼ੀ ਲਗਾਉਣ ਲਈ ਠਾਣ ਚੁੱਕਿਆ ਹੈ, ਦਾ ਸਾਥ ਦੇ ਰਹੀਆਂ ਹਨ।


-----------------------------------------------------------------------------------------------------------------------------

ਸੱਤਾ ਬਣੀ ਘਰਾਣਿਆਂ ਦੀ ਦਾਸੀ

ਚੰਦਰ ਪ੍ਰਕਾਸ਼


ਸੱਤਾ ਬਣੀ ਘਰਾਣਿਆਂ ਦੀ ਦਾਸੀ…

ਘੁੱਟੇ ਸੰਘੀਆਂ, ਕਾਮਿਆਂ ਦੇ ਖ਼ੂਨ ਦੀ ਪਿਆਸੀ,

ਢਾਹ ਜ਼ੁਲਮ, ਚਲਾ ਆਰੀਆਂ, ਵਰ੍ਹਾ ਗੋਲੀਆਂ,

ਨਾ ਪਿੱਠ ਕੀਤੀ, ਨਾ ਮੈਦਾਨ ਛੱਡੇ,

ਧਰਤੀ ਪੁੱਤ ਅਸੀਂ,

ਆਖੀਏ ਮੌਤ ਨੂੰ ਮਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…


ਸਾਸ਼ਕ ਨੇ ਨਾਸ਼ਕ ਰੂਪ ਧਾਰਿਆ,

ਜ਼ਮੀਨ ਸਾਡੀ ’ਤੇ ਡਾਕਾ ਮਾਰਿਆ,

ਆਣ ਅਸੀਂ ਵੀ ਤੇਰੇ ਘਰੇ ਲਲਕਾਰਿਆ ,

ਥੱਕ ਜਾਣੀਆਂ ਤੋਪਾਂ ,

ਟੁੱਟ ਜਾਣੀਆਂ ਸੰਗੀਨਾਂ,

ਤੇਰੇ ਹਥਿਆਰਾਂ ਦੇ ਚਿਹਰੇ ’ਤੇ ਛਾਈ ਉਦਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…


ਇਹ ਕਿਹੋ ਜਿਹਾ ਰਾਜ ਹੈ,

ਰਾਜੇ ਦਾ ਅਵੱਲਾ ਮਿਜਾਜ਼ ਹੈ,

ਲੁਟਾਇਆ ਖਜ਼ਾਨਾ ਮਿੱਤਰਾਂ ਨੂੰ,

ਕਰ ਗਏ ਨੇ ਜੋ ਪਰਵਾਜ਼ ਹੈ,

ਪੁੱਛਿਆ ਅਸੀਂ ਗੱਜ ਕੇ,

ਜਿਹੜੇ ਗਏ ਨੇ ਭੱਜ ਕੇ,

ਕਿੱਥੋਂ ਦੇ ਨੇ ਉਹ ਮੂਲ ਨਿਵਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…


ਜੇ ਤੇਰੇ ਜ਼ਬਰ ਦਾ ਹੈ ਜ਼ੋਰ,

ਚਲਾਇਆ ਕਿਰਤੀਆਂ ਨੇ ਸ਼ਹਾਦਤਾਂ ਦਾ ਦੌਰ,

ਬੋਲਾ ਹੋਇਆਂ ਸੁਣਦਾ ਨਾ ਪੀੜਾਂ ਦਾ ਸ਼ੌਰ,

ਪੈਲਾਂ ਪਾਵੇਂ ਤੂੰ, ਘਰ ਤੇਰੇ ਵਿਚ ਹੈ ਮੋਰ,

ਰੋਵੇ ਭਾਰਤ ਮਾਂ, ਹੱਸੇ ਤੂੰ ਬੁਲ੍ਹੀਆਂ ’ਚ ਹਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…


ਇਸ ਮਿੱਟੀ ’ਚ ਜਨਮੇ, ਅਸੀਂ ਨਹੀਂ ਪਰਾਏ,

ਅਥਾਹ ਮਿਹਨਤ ਕੀਤੀ, ਅੰਨ ਭੰਡਾਰ ਬਣਾਏ,

ਮੰਗਣੋ ਹਟਾਤਾ, ਹਿੰਦੁਸਤਾਨ ਦੇ ਦਿਨ ਸੁਹਾਣੇ ਆਏ,

ਰਜਾਤਾ ਮੁਲਕ ਨੂੰ ਅਸੀਂ,

ਤੂੰ ਸਾਡੇ ਹੱਥ ਫੜ੍ਹਾਈ ਕਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…


ਨਾ ਅਸੀਂ ਨਾਬਰੀ ਨਾ ਨਾਬਰ,

ਤਸੀਹੇ ਤੇਰੇ ਭਾਰੀ, ਸਾਡੇ ਅਟੁੱਟ ਸਾਬਰ,

ਹਿੰਮਤਾਂ ਨਾ ਝੁੱਕਣੀਆਂ,

ਜ਼ਮੀਨਾਂ ਨਾ ਖੁੱਸਣੀਆਂ,

ਛਾਤੀਆਂ ਨਾ ਮੁੱਕਣੀਆਂ,

ਸ਼ਹੀਦੀਆਂ ਨਾ ਰੁੱਕਣੀਆਂ,

ਹੜ੍ਹ ਹੋਈਆਂ ਕੁਰਬਾਨੀਆਂ, ਤੂੰ ਬਣਿਆ ਨਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…


ਖੇਤਾਂ ਦੇ ਰਾਜੇ ਅਸੀਂ, ਤੂੰ ਬਣਾਏ ਭਿਖਾਰੀ,

ਲੁੱਟ ਦੀ ਚਲਾਈ ਤੂੰ ਮਹਾਂਮਾਰੀ,

ਚੰਦਰੇ ਅਮੀਰਾਂ ਨੇ ਤੇਰੀ ਹੈ ਮੱਤ ਮਾਰੀ,

ਦੇਸ਼ ਘਾਟੇ ’ਚ ਕਰਤਾ ਤੂੰ ਕਿਹੋ ਜਿਹਾ ਵਪਾਰੀ,

ਭਵਿੱਖ ਤੇ ਮਾਰੇਂ ਗੰਢਾਸੀ,

ਕਿਸਮਤ ਸਾਡੀ ਨੂੰ ਲਾਈ ਫਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…


ਸਾਡੇ ਹੌਂਸਲਿਆਂ ਦਾ ਤੇਰੇ ਜ਼ੁਲਮ ਤੋਂ ਵੱਡਾ ਕੱਦ,

ਪਸਤ ਕਰਾਂਗੇ ਤੇਰੇ ਅੱਤਿਆਚਾਰ ਦੀ ਹੱਦ,

ਛੱਡਣਾ ਨਹੀਂ ਹੁਣ ਯੁੱਧ ਵਿਚਕਾਰ ਅੱਧ,

ਬਚਾਵਾਂਗੇ ਜ਼ਮੀਨਾਂ ਵਾਰਾਂਗੇ ਆਪਣੇ ਆਪ ਨੂੰ,

ਕਰਾਵਾਂਗੇ ਕਾਲੇ ਕਾਨੂੰਨ ਮੁੱਢੋਂ ਰੱਦ,

ਹੱਥ ਮਸ਼ਾਲ ਫੜ੍ਹੀਆਂ ਤੁਰ ਪਏ ਦੇਸ਼ ਵਾਸੀ,

ਸੱਤਾ ਬਣੀ ਘਰਾਣਿਆਂ ਦੀ ਦਾਸੀ…

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98154-37555, 98762-15150

ਇਹ ਕਵਿਤਾ ਉਨ੍ਹਾਂ ਜੁਝਾਰੂ ਯੋਧਿਆਂ ਨੂੰ ਸਮੱਰਪਿਤ ਹੈ, ਜੋ ਆਪਣੇ ਆਪ ਨੂੰ ਵਾਰ ਕੇ ਭਾਰਤ ਦੇ ਇਤਿਹਾਸ ਦੇ ਵਿਚ ਇਕ ਉਮੀਦ ਦੀ ਕਿਰਨ ਵਾਲਾ ਨਵਾਂ ਪੰਨਾ ਲਿਖ ਰਹੇ ਹਨ। ਉਨ੍ਹਾਂ ਯੋਧਿਆਂ ਨੂੰ ਸਲਾਮ ਹੈ, ਜਿਨ੍ਹਾਂ ਨੇ ਅੱਤਿਆਚਾਰੀ ਸੱਤਾ ਦੇ ਸਾਹਮਣੇ ਆਪਣੀਆਂ ਛਾਤੀਆਂ ਤਾਣ ਲਈਆਂ ਹਨ ਅਤੇ ਹੁਕਮਰਾਨਾਂ ਦੇ ਖ਼ੂਨ ਦੀ ਪਿਆਸ ਨੂੰ ਬੁਝਾਉਣ ਲਈ ਤਤਪਰ ਹਨ।

ਜੈ ਹਿੰਦ,

ਭਾਰਤ ਮਾਤਾ ਦੀ ਜੈ,

ਜੈ ਭਾਰਤ।

ਚੰਦਰ ਪ੍ਰਕਾਸ਼


ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98154-37555, 98762-15150

-----------------------------------------------------------------------------------------------------------------------------


ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ…..

ਚੰਦਰ ਪ੍ਰਕਾਸ਼


 

 

ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ,

ਮੁੜ ‘‘ਜਿਉਂਦੇ’’ ਮਾਸ ਨੂੰ ਖਾਣ ਆ ਰਹੀਆਂ ਨੇ,

ਨੋਚਿਆ ਬੋਟੀਆਂ ਸੀ ਇਨਾਂ ਆਜ਼ਾਦੀ ਸੰਗਰਾਮੀਆਂ ਦੀਆਂ,

ਲੈ ਕੇ ਫ਼ਿਰੰਗੀ ਸੋਚ ਹਿੰਦੁਸਤਾਨ ਨੂੰ ਮਿਟਾ ਰਹੀਆਂ ਨੇ,

ਸਮਝ ਕਰੋ ਹੁਣ ਆਪਾਂ,

ਸਮਝੋ ਦੁਸ਼ਮਣਾਂ ਦੀ ਚਾਲ,

ਚੜਾਵੇ ਫ਼ੌਜ ਹਿੰਦੁਸਤਾਨੀਆਂ ’ਤੇ ਮਾਰੇ ਧਰਤੀ ਦੇ ਲਾਲ,

ਆਕਾਸ਼ ‘ਚ ਕਾਲੀਆਂ ਬਦਲੀਆਂ ਛਾ ਰਹੀਆਂ ਨੇ,

ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ…..

 

ਵਾਅਦਾ ਕੀਤਾ ਜਿਨਾਂ ਕਿਸਮਤ ਸਾਡੀ ਸੰਵਾਰਨ ਦਾ,

ਲੈ ਕੇ 'ਸੁਪਾਰੀ' ਕੰਮ ਸ਼ੁਰੂ ਕੀਤਾ ਦੇਸ਼ ਨੂੰ ਮਾਰਨ ਦਾ,

ਤਖ਼ਤੋ ਤਾਜ਼ ਵੇਚਿਆ,

ਰਾਜਾ ਬਣਿਆ ਦਲਾਲ,

ਨੱਚਣ ਵਾਂਗ ਕੰਜਰਾ ’ਤੇ ਘਰਾਣਿਆਂ ਦੀ ਤਾਲ,

ਲੁੱਟਣ ਗ਼ਰੀਬ ਨੂੰ ਸਰਮਾਏਦਾਰ ਕੀਤਾ ਮਾਲੋ ਮਾਲ,

ਵਾੜਾਂ ਹੀ ਖੇਤਾਂ ਨੂੰ ਖਾ ਰਹੀਆਂ ਨੇ,

ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ…

 

ਭੁੱਖੇ ਢਿੱਡਾਂ ਨੇ ਨੱਪੀਆਂ ਸੜਕਾਂ,

ਸੱਤਾ ਤੁਰੇ ਨਾਲ ਅਮੀਰ ਦੋਸਤਾਂ ਦੀਆਂ ਮੜਕਾਂ,

ਝੂਟੇ ਦੇਵੇ ਚੀਨੀਆਂ ਨੂੰ ਹਿੰਦੁਸਤਾਨੀਆਂ ਨੂੰ ਮਾਰੇ ਬੜਕਾਂ,

ਜਿਹੜੇ ਚੁਣੇ ਸੀ ਆਪਾਂ ਚਾਅ ਨਾਲ,

ਜਾ ਬੈਠੇ ਉਹ ਵਿਚ ਅਮੀਰਾਂ ਦੇ ਥਾਲ,

ਕਰਨਾ ਹੈ ਦੁਸ਼ਮਣ ਸੋਚ ਦਾ ਖ਼ਾਤਮਾ,

ਰੂਹਾਂ ਸ਼ਹੀਦਾਂ ਦੀਆਂ ਦੁਹਾਈ ਪਾ ਰਹੀਆਂ ਨੇ,

ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ…

 

ਭਾਰਤ ਮਾਂ ਦੀ ਜੈ ਦਾ ਨਾਅਰਾ ਲਾਉਂਦੇ ਨੇ,

ਧਰਮ ਦੇ ਨਾਂ ’ਤੇ ਵੰਡੀਆਂ ਪਾਉਂਦੇ ਨੇ,

ਜ਼ਹਿਰ ਫ਼ਿਰਕਾ ਪ੍ਰਸਤੀ ਦਾ ਐਸਾ ਘੋਲਿਆ,

ਕੱਪੜਿਆਂ ਤੋਂ ਧਰਮ ਦੀ ਪਹਿਚਾਣ ਕਰਵਾਉਂਦੇ ਨੇ,

'ਸੰਤਰੀ' ਰਹੇ ਨੇ ਘਾਲਣਾ ਘਾਲ,

ਲੜਾਉ ਲੋਕਾਂ ਨੂੰ ਹਰ ਹਾਲ,

ਕਰੋ ਟਾਕਰਾ ਫੌਲਾਦੀ ਇਰਾਦੇ ਨਾਲ,

ਇਕਜੁਟਤਾ ਨੂੰ ਬਣਾਉ ਢਾਲ, ਨਾ ਗਲਣ ਦਿਉ ਇਨਾਂ ਦੀ ਦਾਲ,

ਰੁੱਤਾਂ ਜ਼ੁਲਮਾਂ ਦੀਆਂ ਨਵੀਆਂ ਆ ਰਹੀਆਂ ਨੇ,

ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ…

 

ਜਿਹੜੇ ਕਹਿੰਦੇ ਸੀ ਦੇਸ਼ ਨੂੰ ਮਜ਼ਬੂਤ ਬਣਾਉਣਾ,

ਉਹੀ ਕਰਨ ਇਸ ਨਾਲ ਜ਼ੁਰਮ ਘਿਨਾਉਣਾ,

ਸਵਾਲ ਹੁਣ ਦੇਸ਼ ਨੂੰ ਬਚਾਉਣ ਦਾ ਹੈ,

ਇਸ ਨਾਲ ਵਫ਼ਾ ਨਿਭਾਉਣ ਦਾ ਹੈ,

ਹੌਂਸਲਾ ਨਾ ਹਾਰੀਓ,  ਰੱਖੀਉ ਪਗੜੀ ਸੰਭਾਲ,

ਕੁਰਬਾਨ ਕਰਨ ਕੁੱਖਾਂ ਮਾਵਾਂ, ਸੁਹਾਗਣਾਂ ਸੁਹਾਗ ਵਾਰ ਰਹੀਆਂ ਨੇ,

ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ…

 

ਲੜਾਈ ਅੰਤਿਮ ਦੌਰ ’ਚ ਹੈ,

ਜੋਸ਼ ਪੂਰੇ ਜ਼ੋਰ ’ਚ ਹੈ,

ਚੌਕੰਨੇ ਹੋ ਜਾਉ ਹਰ ਵਕਤ ਖਿਆਲ ਰੱਖੋ,

ਥੱਕਣਾ ਨਹੀਂ ਹਰ ਵਕਤ ਜਲਦੀ ਮਸ਼ਾਲ ਰੱਖੋ,

ਛੱਡਣੀ ਨਹੀਂ ਰਣ ਭੂਮੀ ,ਕਰਨਾ ਹੈ ਇਕ ਪਾਸਾ,

ਜਾਗਦੀਆਂ ਜ਼ਮੀਰਾਂ ਯੁੱਧ ’ਚ ਵੰਗਾਰ ਰਹੀਆਂ ਨੇ

ਗਿੱਧਾਂ, ਜੋ ਆਕਾਸ਼ ’ਚ ਮੰਡਰਾ ਰਹੀਆਂ ਨੇ…

ਮੁੜ ‘‘ਜਿਉਂਦੇ’’ ਮਾਸ ਨੂੰ ਖਾਣ ਆ ਰਹੀਆਂ ਨੇ…

 

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98154-37555, 98762-15150

 


ਇਹ ਕਵਿਤਾ ਉਨਾਂ ਮਾਤਾਵਾਂ, ਭੈਣਾਂ,ਧੀਆਂ,ਪਿਤਾਵਾਂ ਨੂੰ, ਦਾਦੇ, ਦਾਦੀਆਂ ਨੂੰ, ਨਾਨੇ ਨਾਨੀਆਂ ਨੂੰ, ਚਾਚੇ ਚਾਚੀਆਂ ਨੂੰ, ਮਾਮੇ ਮਾਮੀਆਂ ਨੂੰ,ਭੂਆ ਫੁੱਫੜਾਂ ਨੂੰ, ਸਾਕ ਸਬੰਧੀਆਂ ਨੂੰ , ਮਿੱਤਰ ਪਿਆਰਿਆ ਨੂੰ, ਇਨਸਾਫ਼ ਪਸੰਦ ਅਤੇ ਹੱਕਾਂ ਦੀ ਰਾਖੀ ਦੇ ਪੈਰੋਕਾਰਾਂ ਨੂੰ, ਜਿਨਾਂ ਨੇ ਆਪਣੇ ਪੁੱਤ, ਪਿਤਾ, ਭਰਾ, ਸੁਹਾਗ, ਪਤੀ ਦਿੱਲੀ ਦੀ ਸਰਹੱਦ ਉੱਤੇ ਚੱਲ ਰਹੇ ਸਿਧਾਂਤਕ ਯੁੱਧ ਅਤੇ ਹੱਕਾਂ ਦੇ ਯੁੱਧ ਵਿਚ ਵਾਰੇ ਹਨ, ਸਮੱਰਪਿਤ ਹੈ।

ਉਨਾਂ ਸਖ਼ਸ਼ੀਅਤਾਂ ਨੂੰ, ਜਿਨਾਂ ਨੇ ਦੇਸ਼ ਨੂੰ ਜਿਉਂਦਾ ਰੱਖਣ ਲਈ ਆਪਣੇ ਹੱਡ ਮਾਸ ਦੇ ਟੁੱਕੜੇ ਅਤੇ ਆਪਣੇ ਚਹੇਤੇ ਸ਼ਹੀਦ ਕਰਵਾ ਲਏ ਨੇ, ਕੋਟਨਿ ਕੋਟਿ ਪ੍ਰਣਾਮ। ਉਨਾਂ ਦੇ ਚਰਨਾਂ ਵਿਚ ਸਾਡ ਤਾਅ ਉਮਰ ਸਿੱਜਦਾ। ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹੁਣ ਸਵਾਲ ਦੇਸ਼ ਦੀ ਹੌਂਦ ਨੂੰ ਬਚਾਉਣ ਦਾ ਹੈ। ਸਾਰੀਆਂ ਜਾਗਦੀਆਂ ਜ਼ਮੀਰਾਂ ਨੂੰ, ਜਾਗਦੀਆਂ ਰੂਹਾਂ ਨੂੰ, ਰੌਸ਼ਨ ਅਤੇ ਤਰਸ ਭਰਪੂਰ ਮਨਾਂ ਨੂੰ ਅਤੇ ਦੇਸ਼ ਪ੍ਰੇਮੀਆਂ ਨੂੰ ਪੁਰਜ਼ੋਰ ਅਰਜ਼ ਹੈ ਕਿ ਉਹ ਆਪਣੇ ਇਸ ਸਿਧਾਂਤਕ ਯੁੱਧ ਵਿਚ ਸੰਵਿਧਾਨ ਅਤੇ ਕਾਨੂੰਨ ਦੀ ਪਾਲਣਾ ਅਤੇ ਇੱਜ਼ਤ ਕਰਦੇ ਹੋਏ ਤਿੱਲ ਫੁਲ ਪਾਉਣ ਦੀ ਖੇਚਲਾ ਕਰਨ। ਕਾਨੂੰਨੀ ਮਰਿਆਦਾ ਦੇ ਵਿਚ ਰਹਿ ਕੇ, ਕਾਨੂੰਨ ਦੀ ਇੱਜ਼ਤ ਕਰਦੇ ਹੋਏ, ਕਾਨੂੰਨ ਦੀ ਇੱਜ਼ਤ ਨੂੰ ਬਹਾਲ ਰੱਖਦੇ ਹੋਏ ਇਸ ਸਿਧਾਂਤਕ ਹੱਕਾਂ ਦੇ ਯੁੱਧ ਵਿਚ ਲਈ ਅੱਗੇ ਆਉਣ ਤਾਂਕਿ ਭਾਰਤ ਨੂੰ ਬਚਾਇਆ ਜਾ ਸਕੇ। ਭਾਰਤ ਦਾ ਨਕਸ਼ਾ, ਜੋ ਕਿ ਦੁਸ਼ਮਣ ਦੇਸ਼ ਪਾਕਿਸਤਾਨ, ਚਾਈਨਾ ਅਤੇ ਹੋਰ ਬਦਲਣ ਨੂੰ ਫ਼ਿਰਦੇ ਹਨ ਉਨਾਂ ਦੇ ਮੰਨਸੂਬਿਆ ਨੂੰ ਸਿਕਸ਼ਤ ਦਿੱਤੀ ਜਾਵੇ। ਜਿਹੜੀਆਂ ਤਾਕਤਾਂ ਹਿੰਦੁਸਤਾਨ ਨੂੰ ਕਮਜ਼ੋਰ ਕਰਕੇ ਤੋੜਨ ਨੂੰ ਫ਼ਿਰਦੀਆਂ ਉਨਾਂ ਤਾਕਤਾਂ ਦੇ ਖ਼ਿਲਾਫ਼ ਇਕਜੁੱਟਤਾ ਨਾਲ ਲੋਹਾ ਲੈ ਕੇ ਹਰਾਇਆ ਜਾਵੇ।

ਜੈ ਹਿੰਦ, ਜੈ ਭਾਰਤ, ਭਾਰਤ ਮਾਤਾ ਦੀ ਜੈ, ਹਿੰਦੁਸਤਾਨ ਜ਼ਿੰਦਾਬਾਦ।


 

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98154-37555, 98762-15150


-----------------------------------------------------------------------------------------------------------------------------


ਸੁਣ ਓਏ ਨਵੇਂ ਵਰ੍ਹਿਆ

ਧਰਤੀ ਮਾਂ ਹਾਂ ਮੈਂ

ਇਕ ਅਰਜ਼ ਕਰਾਂ ਤੈਨੂੰ

ਤੇਰੇ ਤਾਂਈਂ ਗਰਜ਼ ਹੈ ਮੈਨੂੰ

ਘੁੱਪ ਹਨੇਰਾ ਹੈ ਚਾਰੇ ਪਾਸੇ

ਕਿਹੜੇ ਰਾਹ ਜਾਵਾਂ

ਪੁੱਤ ਸ਼ਹੀਦ ਹੋਣ ਦਿੱਲੀ ’ਚ ਮੇਰੇ

ਕਿਵੇਂ ਤੇਰੇ ਚਾਅ ਮਨਾਵਾਂ

ਕਿਵੇਂ ਤੇਰੇ ਆਉਣ ‘ਤੇ ਦੀਵੇ ਜਗਾਵਾਂ

ਆਖ ਹਾਕਮ ਨੂੰ

ਨਾ ਉਜਾੜੇ ਧਰਤੀ ਪੁੱਤਰਾਂ ਨੂੰ

ਜੇ ਉਹ ਮੰਨੇ

ਛੱਡੇ ਰਾਜ ਹਠ

ਥੱਕ ਗਈ ਹਾਂ ਮੈਂ

ਹੱਥ ਖੜ੍ਹੇ ਨੇ ਮੇਰੇ

ਕਿੰਨੀਆਂ ਲਾਸ਼ਾਂ ਛਾਤੀ ਨਾਲ ਲਾਵਾਂ…..

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98154-37555, 98762-15150


-----------------------------------------------------------------------------------------------------------------------------

ਹਿੰਦੁਸਤਾਨੀਆਂ ਦੀ ਆਵਾਜ਼

 

ਚੰਦਰ ਪ੍ਰਕਾਸ਼

ਕਾਲੇ ਕਾਨੂੰਨਾ ਨੇ ਬਾਪੂ ਮਾਰਿਆ

ਯਤੀਮ ਹੋ ਗਏ ਨੇ ਪੁੱਤ, ਧੀ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ



ਖੜੇ ਕੀਤੇ ਅਜਿਹੇ ਪੁਆੜੇ

ਪੈਣ ਕੁਰਲਾਹਟਾਂ ਚੀਖ ਚਿਹਾੜੇ 

ਰਾਜ ਸੁੱਖ ਹੰਡਾਵੇਂ, ਤੈਨੂੰ ਦਰਦ ਨਾ ਆਵੇ

ਬਲਦੀ ਅੱਗ ਵਿਚ ਪਾਉਣਾ ਹੈ ਘੀ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ


ਅੱਜ ਫ਼ਿਰ ਫੇਰ ਭਾਰਤ ਪੁੱਤਰ ਮੋਇਆ

ਘਰ ਗਰੀਬ ਦੇ ਹਨੇਰਾ ਹੋਇਆ

ਲਾਂਬੂ ਦੀਆਂ ਲਪਟਾਂ ਉਦਾਸ ਨੇ

ਹਰ ਅੱਖ ’ਚ ਹੰਝੂਆਂ ਦੀ ਹੈ ਲੀਹ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ


ਵੇਚ ਕੇ ਇਮਾਨ, ਕਰੇਂ ਮਹਿਲਾਂ ’ਚ ਐਸ਼ੋ ਅਰਾਮ

ਵੇਚੇ ਧਰਤ ਵੇਚੇ ਸਮੁੰਦਰ ਵੇਚੇ ਹਵਾ

ਕਿਸੇ ਦੇ ਬਾਪ ਦਾ ਮਾਲ ਹੈ ਇਹ ਨਹੀਂ

ਇਸ ਵਿਚ ਹਿੱਸਾ ਹੈ ਸਾਡਾ ਵੀ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ


 

ਨਾ ਰੁਜ਼ਗਾਰ ਦਿੱਤੇ , ਨਾ ਖਾਤੇ ਪੈਸੇ ਪਾਏ

ਪੇਟ ’ਚ ਲੱਤ ਮਾਰੀ ਹਿੰਦੁਸਤਾਨੀਆਂ ਦੇ

ਛੱਡਿਆ ਕੱਖ ਹੈ ਪੱਲੇ ਨੀਂ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ


ਦਾਅ ਤੇਰਾ ਸਿੱਧਾ ਪੈ ਗਿਆ

ਕਹਿਰ ਸਾਡੇ ਨਛੱਤਰਾ ’ਤੇ ਢਹਿ ਗਿਆ

ਗੱਦੀਓਂ ਲਾਂਭੇ ਹੋਵੇਂਗਾ ਇਕ  ਦਿਨ  

ਤੇਰੀ ਤਸ਼ੱਦਦ ਨਹੀਂ ਹੈ ਸਦੀਵੀ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ




ਕਰੇਂ ਸ਼ਬਦਾਂ ਦੀ ਜ਼ਾਦੂਗਰੀ

ਕੀਤੀ ਹੈਂ ਪਾਪੀ ਅੜੀ

ਭਾਰਤ ਕੰਗਾਲ ਕਰਤਾ

ਜਿਹੜਾ ਸੋਨੇ ਦੀ ਸੀ ਚਿੜੀ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ


ਖੜ੍ਹਾ ਹੋਇਆ ਇੱਕ ਸਵਾਲ

ਨੌਕਰ ਹੀ ਨਿਕਲਿਆ ਸਰਾਲ

ਜਾਵੇ ਮਾਲਕ ਦੇ ਸਾਹ ਪੀ

ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ


"ਫ਼ਕੀਰ" ਦਾ ਜਵਾਬ

 

ਜੁਮਲਿਆਂ ਦਾ ਮੀਂਹ ਵਰਸਾਤਾ

ਘੱਟਾ ਅੱਖਾਂ ਵਿਚ ਪਾਤਾ

ਤੁਸੀਂ ਰਾਜਾ ਬਣਾਤਾ

"ਮਿੱਤਰ" ਹੀ ਹੁਣ ਹੈ ਜਿਉਣ ਜੋਗੇ ਜੀ

ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ


ਕੋਈ ਮਰੇ ਕੋਈ ਜੀਵੇ

ਸੁਥਰਾ ਘੋਲ ਪਤਾਸੇ ਪੀਵੇ

ਐਸਾ ਮੈਂ ਹਾਂ ਨੌਕਰ

ਮਾਰਾਂ ਮਾਲਕ ਨੂੰ ਠੋਕਰ

ਮੈਂ ਹੈਂ ਕਰਮਾਂ ਵਾਲਾ ਜੀਅ

ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ

 

ਠਿੱਠ ਕਰੂੰਗਾ ਹਰ ਵਕਤ ਲੁਕਾਈ ਨੂੰ ਮੈਂ

ਝੋਲਾ ਚੁੱਕ ਕੇ ਤੁਰ ਜਾਊਂਗਾ

ਨਾ ਮੇਰਾ ਪੁੱਤ ਨਾ ਕੋਈ ਧੀ

ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ….


ਇਹ ਕਵਿਤਾ ਉਨਾਂ ਮਾਣ ਮੱਤੇ ਯੋਧਿਆਂ ਨੂੰ ਸਮੱਰਪਿਤ ਹੈ ਜਿਹੜੇ ਹਕੂਮਤ ਦੇ ਜ਼ਬਰ ਦੇ ਸਾਹਮਣੇ ਝੁੱਕਣ ਦੀ ਬਜਾਏ ਸ਼ਹੀਦ ਹੋਣਾ ਪਸੰਦ ਕਰ ਰਹੇ ਹਨ ਅਤੇ ਆਪਣੇ ਫ਼ਰਜ਼ ਨੂੰ ਨਿਭਾਉਂਦੇ ਹੋਏ ਸ਼ਹੀਦ ਹੋ ਕੇ ਆਪਣੇ ਨਗਰ ਵਾਪਸ ਆ ਰਹੇ ਹਨ। ਉਨਾਂ ਯੋਧਿਆਂ ਨੂੰ ਜੰਮਣ ਵਾਲੀਆਂ ਮਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ।

ਜਿੱਤ ਅਵੱਸ਼ ਹੋਵੇਗੀ ਇਹ ਹਰ ਕਲਮ ਦੀ ਆਵਾਜ਼ ਹੈ ਅਤੇ ਸੰਘਰਸ਼ ਪਾਕ ਹੈ ।

ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ

ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ

ਚੰਦਰ ਪ੍ਰਕਾਸ਼

ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

98154-37555, 98762-15150

-----------------------------------------------------------------------------------------------------------------------------


ਹਿੰਦੁਸਤਾਨ ਦਾ ਹਿੰਦੁਸਤਾਨ……..

 

ਚੰਦਰ ਪ੍ਰਕਾਸ਼


 

ਕੜਕਦੀ ਠੰਢ ’ਚ

ਅਸਮਾਨੀ ਛੱਤ ਥੱਲੇ

ਠਿਠੁਰ ਰਿਹਾ ਹੈ ਜੋ

ਉਸ ਨੂੰ ਦਿਹਾੜੀਆ, ਕਿਰਤੀ, ਕਿਸਾਨ ਕਹਿੰਦੇ ਨੇ

ਨਿਉਂ ਜੜ ਹੈ ਦੇਸ਼ ਦੀ

ਹਿੰਦੁਸਤਾਨ ਦਾ ਨਿਰਮਾਣ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……


ਛੱਡਿਆ ਘਰ ਬਾਰ ਨਾਲ ਮੋਹ

ਤੁਰ ਰਹੇ ਨੇ ਹਜ਼ਾਰਾਂ ਕੋਹ

ਲਾਏ ਪੱਕੇ ਡੇਰੇ

ਲਈ ਸੱਤਾ ਦੀ ਚੈਨ ਖੋਹ

ਵਿੱਚ ਜਮਾਵੜੇ ਕਿਰਤੀਆਂ ਦੇ

ਮੁਹੱਬਤ ਦਰਿਆ ਵਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..


ਮਨ ਵਿਚ ਜੋਸ਼,

ਸੋਚ ਵਿਚ ਹੋਸ਼

ਵਾਰ ਜਾਨਾ ਮਾਣ ਮੱਤੇ ਕਰ ਰਹੇ ਨੇ ਰੋਸ਼ 

ਫੜ ਹੱਥ ’ਚ ਸੰਵਿਧਾਨ ਬਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..


ਰੱਖੀ ਹੈ ਜ਼ਬਰ ਦੇ ਖ਼ਿਲਾਫ਼ ਜੰਗ ਜਾਰੀ

ਅੱਜ ਹੋਰ ਧਰਤੀ ਪੁੱਤ ਨੇ ਹੈ ਜਾਨ ਵਾਰੀ

ਸਿਸਕੀਆਂ ਤਿਰੰਗੇ ਦੀਆਂ

ਹੰਝੂ ਧਰਤੀ ਮਾਂ ਦੇ ਵਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਕੰਮ ਹੈ ਜ਼ੁਲਮ ਨਾਲ ਜੱਫਾ ਪਾਉਣਾ

ਨਾ ਦੰਗਾ ਕਰਨਾ ਨਾ ਲਹੂ ਵਹਾਉਣਾ

ਨਾ ਹੰਝੂ ਵਹਾਉਣਾ ਨਾ ਗਿਰਾਉਣਾ

ਯੋਧੇ ਧਰਤੀ ਮਾਂ ਦੇ

ਸਦਾ ਚੜਦੀ ਕਲਾ ’ਚ ਰਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..


ਚਮਕ ਤੇਰੀਆਂ ਅੱਖਾਂ ’ਚ ਖਾਸ ਹੈ

ਬੱਸ ਹੁਣ ਤੇਰੇ ਤੋਂ ਹੀ ਆਸ ਹੈ

ਜਿੱਤੇ ਤਾਂ ਆਜ਼ਾਦੀ

ਹਾਰ ਗੁਲਾਮੀ

ਇਹ ਹਿੰਦੁਸਤਾਨੀਆਂ ਦੇ ਬਿਆਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……


 

ਲਈ ਅਜ਼ਾਦੀ ਤਬਾਹ ਕਰਵਾਏ ਘਰ ਬਾਰ

ਹੌਂਸਲਾ ਨਾ ਹਾਰਿਆ ਚੜੇ ਫ਼ਾਂਸੀ ਵਾਰ ਵਾਰ

ਕੁਰਬਾਨੀਆਂ ਦੇ ਵਾਰਿਸ ਹੁਣ ਪ੍ਰੇਸ਼ਾਨ ਰਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਜਿਨਾਂ ਮਾਰੇ ਆਜ਼ਾਦੀਏ ਘੁਲਾਟੀਏ ਬੱਟ

ਜਿਨਾਂ ਫਿਰੰਗੀਆਂ ਦੇ ਤਲਬੇ ਲਏ ਚੱਟ

ਉਹ ਕਿਸਾਨ ਨੂੰ ਪਾਕਿਸਤਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..


ਜਿਨਾਂ ਫਿਰੰਗੀਆਂ ਨਾਲ ਸੀ ਸਾਂਝ ਪਾਈ

ਕੀਤੀਆਂ ਗਦਾਰੀਆ ਪਦਵੀ ਦਿਵਾਨੀ ਕਮਾਈ

ਮੰਗਦੇ ਨੇ ਸਬੂਤ ਉਹੀ

ਮੂਲ ਜਾਇਆ ਨੂੰ ਮਹਿਮਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……



ਕੁੱਝ ਸੋਚ ਕਰ ਤੂੰ

ਬਦਲ ਰਵੱਈਆ ਤਰਸ ਕਰ

ਕੁੱਝ ਹੋਸ਼ ਕਰ ਤੂੰ

ਤੋਰ ’ਚ ਹੰਕਾਰ ਹੈ

ਸੱਤਾ ਦਾ ਖ਼ੁਮਾਰ ਹੈ

ਸਲੀਕਾ ਗੁਫ਼ਤਗੂ ਤੇਰੇ ਨੂੰ ਗੁਮਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

************

 

ਚੰਦਰ ਪ੍ਰਕਾਸ਼

ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

98154-37555, 98762-15150


 ਇਹ ਕਵਿਤਾ ਉਨਾਂ ਜੁਝਾਰੂਆਂ ਨੂੰ ਸਮੱਰਪਿਤ ਹੈ ਜੋ ਭਾਰਤ ਦੇ ਸੰਵਿਧਾਨ ਵਿਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਅਤੇ ਸਾਰੇ ਭਾਰਤ ਵਿਰੋਧੀ ਅਤੇ ਗੈਰ ਸਮਾਜੀ ਤੱਤਾਂ ਨੂੰ ਹਰਾਉਂਦੇ ਹੋਏ ਆਪਣੇ ਹੱਕਾਂ ਦੀ ਪੂਰਤੀ ਲਈ ਦਿੱਲੀ ਦੀ ਸਰਹੱਦ ਵਿਖੇ ਜਾਨਲੇਵਾ ਮੌਸਮ ਨਾਲ ਲੜਦੇ ਹੋਏ ਆਪਣੇ ਸੰਘਰਸ਼ ਨੂੰ ਚੱਲਦਾ ਰੱਖ ਰਹੇ ਹਨ ਅਤੇ ਹਰ ਰੋਜ਼ ਉਸ ਨੂੰ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਹੋਰ ਤਿੱਖਾ ਕਰ ਰਹੇ ਹਨ। ਉਨਾਂ ਸਾਰੀਆਂ ਰੂਹਾਂ ਨੂੰ ਕੋਟਨਿ ਕੋਟਿ ਪ੍ਰਣਾਮ

ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਚੰਦਰ ਪ੍ਰਕਾਸ਼

ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

98154-37555, 98762-15150

-----------------------------------------------------------------------------------------------------------------------------